ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਬੇਅਦਬੀ ਦੀ ਇੱਕ AI ਦੁਆਰਾ ਤਿਆਰ ਕੀਤੀ ਫੋਟੋ ਸਾਹਮਣੇ ਆਈ ਹੈ। ਇਸ ਵਿੱਚ ਇੱਕ ਲੜਕਾ ਅਤੇ ਦੋ ਵਿਅਕਤੀ ਨੂੰ ਪਰਿਕਰਮਾ ਵਿੱਚ ਚੱਪਲਾਂ ਪਹਿਨੇ ਹੋਏ ਦਿਖਾਇਆ ਗਿਆ ਹੈ। ਇਨ੍ਹਾਂ ਹੀ ਨਹੀਂ ਇਹ ਤਿੰਨੇ ਵਿਅਕਤੀ ਨੰਗੇ ਸਿਰ ਨਜ਼ਰ ਆ ਰਹੇ ਹਨ ਅਤੇ ਉਹ ਇੱਕ ਨਵੀਂ ਸਕੂਟੀ ਦੀ ਚਾਬੀ ਹੱਥ ਵਿੱਚ ਫੜ ਕੇ ਫੋਟੋ ਖਿਚਵਾ ਰਹੇ ਹਨ। ਇਹ ਫੋਟੋ ‘ਨੰਬਰਦਾਰ_ਬੋਟਹਾਊਸ’ ਨਾਮ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟ ਕੀਤੀ ਗਈ ਸੀ, ਜਿਸ ਤੋਂ ਬਾਅਦ ਲੋਕਾਂ ਨੇ ਇਸ ‘ਤੇ ਸਖ਼ਤ ਇਤਰਾਜ਼ ਜਤਾਇਆ।

ਦੱਸ ਦਈਏ ਕਿ ਇਹ ਅਜਿਹਾ ਪਹਿਲਾ ਮਾਮਲਾ ਨਹੀਂ ਹੈ। ਕੁਝ ਦਿਨ ਪਹਿਲਾਂ ਇੱਕ AI ਵੀਡੀਓ ਬਣਾ ਕੇ ਇੱਕ ਪਿੰਜਰ ਨੂੰ ਪੱਗ ਪਹਿਨਾ ਕੇ ਪਰਿਕਰਮਾ ਵਿੱਚ ਦਿਖਾਇਆ ਗਿਆ ਸੀ। ਉਹ ਲੰਗਰ ਹਾਲ ਵਿੱਚ ਵੀ ਜੁੱਤੀਆਂ ਸਮੇਤ ਲੰਗਰ ਛਕਦਾ ਨਜ਼ਰ ਆ ਰਿਹਾ ਸੀ।ਇਸ ਤੋਂ ਪਹਿਲਾਂ ਵੀ ਇੱਕ AI ਵੀਡੀਓ ਬਣਾ ਕੇ ਇੱਕ ਨੌਜਵਾਨ ਨੂੰ ਗੱਡੀ ਸਮੇਤ ਪਰਿਕਰਮਾ ਵਿੱਚ ਦਿਖਾਇਆ ਗਿਆ ਸੀ। ਉੱਥੇ ਹੀ, ਇੱਕ ਮੁਸਲਿਮ ਨੌਜਵਾਨ ਨੇ ਗੋਲਡਨ ਟੈਂਪਲ ਦੇ ਪਵਿੱਤਰ ਸਰੋਵਰ ਵਿੱਚ ਕੁਰਲੀ ਕਰ ਕੇ ਰੀਲ ਬਣਾਈ ਸੀ।

ਇਸ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਫੋਟੋ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸ.ਜੀ.ਪੀ.ਸੀ. ਦੇ ਕਾਨੂੰਨੀ ਸਲਾਹਕਾਰ ਅਮਨਬੀਰ ਸਿੰਘ ਸਿਆਲੀ ਨੇ ਫੋਟੋ ਮੰਗਵਾਉਂਦੇ ਹੋਏ ਕਿਹਾ ਕਿ ਇਸ ਨੂੰ ਦੇਖ ਕੇ ਫਿਰ ਅਗਲਾ ਫੈਸਲਾ ਲਿਆ ਜਾਵੇਗਾ।

ਅਮਨਬੀਰ ਨੇ ਕਿਹਾ ਕਿ ਇਹ ਫੋਟੋ ਸਾਡੇ ਧਿਆਨ ਵਿੱਚ ਆਈ ਹੈ। ਇਸ ਮਾਮਲੇ ਦੀ ਜਾਂਚ ਐਸ.ਜੀ.ਪੀ.ਸੀ. ਦੀ AI ਜਾਂਚ ਕਮੇਟੀ ਵੱਲੋਂ ਕੀਤੀ ਜਾਵੇਗੀ। ਜਾਂਚ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ ‘ਤੇ ਸਬੰਧਤ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।