ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨਤਾਰਨ ਵਿੱਚ ਗੁਰੂ ਅਮਰਦਾਸ ਥਰਮਲ ਪਲਾਂਟ ਲਿਮਟਿਡ (ਜੀਏਟੀਪੀਐਲ) ਦਾ ਉਦਘਾਟਨ ਕੀਤਾ। ਪੰਜਾਬ ਸਰਕਾਰ ਨੇ ਇਹ ਥਰਮਲ ਪਲਾਂਟ 1080 ਕਰੋੜ ਰੁਪਏ ਵਿੱਚ ਖਰੀਦਿਆ ਹੈ। CM ਮਾਨ ਨੇ 1 ਜਨਵਰੀ ਨੂੰ ਹੀ ਇਹ ਜਾਣਕਾਰੀ ਦਿੱਤੀ ਸੀ। ਇਸ ਥਰਮਲ ਪਲਾਂਟ ਦੀ ਪੂਰੀ ਸਮਰੱਥਾ 540 ਮੈਗਾਵਾਟ ਹੈ ਪਰ ਹੁਣ ਤੱਕ ਇਹ ਕੋਲੇ ਦੀ ਸੀਮਤ ਮਾਤਰਾ ਹੋਣ ਕਾਰਨ ਅੱਧੀ ਸਮਰੱਥਾ ’ਤੇ ਹੀ ਚੱਲ ਰਿਹਾ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵਾਧੂ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਸਰਕਾਰ ਨੇ ਤਰਨਤਾਰਨ ਸਥਿਤ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਨੂੰ ਖਰੀਦ ਲਿਆ ਹੈ। ਪੰਜਾਬ ਵਿੱਚ ਲੋਕਾਂ ਨੂੰ ਸਸਤੀ ਬਿਜਲੀ ਦਿੱਤੀ ਜਾਵੇਗੀ ਅਤੇ ਇੰਡਸਟਰੀ ਨੂੰ ਵੀ ਸਸਤੀ ਬਿਜਲੀ ਦਿੱਤੀ ਜਾਵੇਗੀ। CM ਮਾਨ ਨੇ ਕਿਹਾ ਕਿ ਸੂਬੇ ਨੂੰ ਇਸ ਪਲਾਂਟ ਤੋਂ ਸਭ ਤੋਂ ਮਹਿੰਗੀ ਬਿਜਲੀ 9-10 ਰੁਪਏ ਪ੍ਰਤੀ ਯੂਨਿਟ ਮਿਲਦੀ ਹੈ। ਹੁਣ ਸਰਕਾਰ ਦੇ ਅਧੀਨ ਆਉਣ ਤੋਂ ਬਾਅਦ 4-5 ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲੇਗੀ।
ਗੋਇੰਦਵਾਲ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਬਣਵਾਇਆ ਸੀ। ਜਿਸ ਤੋਂ ਬਾਅਦ ਮੁੱਖ ਮੰਤਰੀ ਮਾਨ ਦੀ ਤਰਫੋਂ ਇਹ ਥਰਮਲ ਪਲਾਂਟ ਉਨ੍ਹਾਂ ਦੇ ਨਾਂ ‘ਤੇ ਸਮਰਪਿਤ ਕੀਤਾ ਗਿਆ ਹੈ। ਇਸ ਥਰਮਲ ਪਲਾਂਟ ਦੇ ਸ਼ੇਅਰ ਗੁਰੂ ਅਮਰਦਾਸ ਥਰਮਲ ਪਲਾਂਟ ਲਿਮਟਿਡ (ਜੀ.ਏ.ਟੀ.ਪੀ.ਐਲ.) ਦੇ ਨਾਂ ਤਬਦੀਲ ਕਰ ਦਿੱਤੇ ਗਏ ਹਨ। ਸਰਕਾਰ ਨੇ ਥਰਮਲ ਪਲਾਂਟ ਦੀ ਨਿਗਰਾਨੀ ਲਈ ਇੱਕ ਕਮੇਟੀ ਵੀ ਬਣਾਈ ਹੈ।
ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਚੀਫ਼ ਇੰਜਨੀਅਰ ਐਮ.ਆਰ.ਬਾਂਸਲ ਦੀ ਅਗਵਾਈ ਹੇਠ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਦੌਰਾਨ ਕਮੇਟੀ ਵਿੱਚ ਲਹਿਰਾ ਥਰਮਲ ਦੇ ਡਿਪਟੀ ਚੀਫ ਇੰਜਨੀਅਰ ਇੰਦਰਜੀਤ ਸਿੰਘ ਸੰਧੂ, ਡਿਪਟੀ ਚੀਫ ਇੰਜਨੀਅਰ ਫਿਊਲ ਕੇ.ਕੇ.ਬੰਸਲ, ਰੋਪੜ ਥਰਮਲ ਪਲਾਂਟ ਦੇ ਸੁਪਰਡੈਂਟ ਇੰਜਨੀਅਰ ਰਣਜੀਤ ਸਿੰਘ, ਚੀਫ ਆਡੀਟਰ ਰਾਜਨ ਗੁਪਤਾ, ਲਹਿਰਾ ਥਰਮਲ ਪਲਾਂਟ ਦੇ ਇੰਜਨੀਅਰ ਬਲਜਿੰਦਰ ਸਿੰਘ ਅਤੇ ਰੋਪੜ ਥਰਮਲ ਦੇ ਇੰਜਨੀਅਰ ਗੁਰਿੰਦਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ।