ਚੋਟੀ ਦੀ ਭਾਰਤੀ ਨਿਸ਼ਾਨੇਬਾਜ਼ ਅਵਨੀ ਲੇਖਰਾ ਨੇ ਸ਼ੁੱਕਰਵਾਰ ਨੂੰ ਪੈਰਿਸ ਪੈਰਾਲੰਪਿਕ ‘ਚ 10 ਮੀਟਰ ਏਅਰ ਰਾਈਫਲ ਸਟੈਂਡਿੰਗ ਐੱਸਐੱਚ1 ਸ਼ੂਟਿੰਗ ‘ਚ ਸੋਨ ਤਮਗਾ ਜਿੱਤਿਆ, ਜਦਕਿ ਮੋਨਾ ਅਗਰਵਾਲ ਨੇ ਕਾਂਸੀ ਦਾ ਤਗਮਾ ਜਿੱਤਿਆ। ਅਵਨੀ ਨੇ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਫਾਈਨਲ ਵਿੱਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਅਤੇ ਪੈਰਾਲੰਪਿਕ ਰਿਕਾਰਡ ਦੇ ਨਾਲ ਸੋਨ ਤਮਗਾ ਜਿੱਤਿਆ। ਇਸ ਨਾਲ ਪੈਰਿਸ ਪੈਰਾਲੰਪਿਕ ‘ਚ ਭਾਰਤ ਦਾ ਮੈਡਲ ਖਾਤਾ ਖੁੱਲ੍ਹ ਗਿਆ ਹੈ। ਪੈਰਿਸ ਪੈਰਾਲੰਪਿਕ ਖੇਡਾਂ ਵਿੱਚ ਭਾਰਤ ਦੋ ਤਗ਼ਮਿਆਂ ਨਾਲ ਨੌਵੇਂ ਸਥਾਨ ’ਤੇ ਪਹੁੰਚ ਗਿਆ ਹੈ।
ਅਵਨੀ ਲੇਖਰਾ ਨੇ 249.7 ਦੇ ਸਕੋਰ ਨਾਲ 249.6 ਦੇ ਆਪਣੇ ਹੀ ਟੋਕੀਓ 2020 ਪੈਰਾਲੰਪਿਕ ਰਿਕਾਰਡ ਨੂੰ ਬਿਹਤਰ ਬਣਾਇਆ। ਉਹ ਪੈਰਾਲੰਪਿਕ ਵਿੱਚ ਦੋ ਸੋਨ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਅਵਨੀ ਤਿੰਨ ਸਾਲ ਪਹਿਲਾਂ ਟੋਕੀਓ ਪੈਰਾਲੰਪਿਕਸ ਵਿੱਚ SH1 ਵਰਗ ਵਿੱਚ ਸੋਨ ਤਮਗਾ ਜਿੱਤਣ ਤੋਂ ਬਾਅਦ ਦੇਸ਼ ਦੀ ਸਭ ਤੋਂ ਵੱਧ ਸੁਰਖੀਆਂ ਬਟੋਰਨ ਵਾਲੀ ਪੈਰਾ ਐਥਲੀਟ ਬਣ ਗਈ ਸੀ। ਉਸਨੇ ਟੋਕੀਓ ਪੈਰਾਲੰਪਿਕਸ ਵਿੱਚ 10 ਮੀਟਰ ਏਅਰ ਰਾਈਫਲ ਵਿੱਚ ਸੋਨ ਤਗਮਾ ਅਤੇ 50 ਮੀਟਰ ਰਾਈਫਲ ਵਿੱਚ ਕਾਂਸੀ ਦਾ ਤਗਮਾ ਜਿੱਤਿਆ।
ਅਵਨੀ ਲੇਖਾਰਾ ਸ਼ੁੱਕਰਵਾਰ ਨੂੰ ਪੈਰਿਸ ਪੈਰਾਲੰਪਿਕ ‘ਚ ਔਰਤਾਂ ਦੀ 10 ਮੀਟਰ ਏਅਰ ਰਾਈਫਲ ਫਾਈਨਲ (SH1) ਦੇ ਕੁਆਲੀਫਾਈ ‘ਚ ਦੂਜੇ ਸਥਾਨ ‘ਤੇ ਰਹਿ ਕੇ ਫਾਈਨਲ ‘ਚ ਜਗ੍ਹਾ ਬਣਾਉਣ ‘ਚ ਸਫਲ ਰਹੀ। ਪਿਛਲੇ ਇੱਕ ਸਾਲ ਤੋਂ ਸ਼ਾਨਦਾਰ ਫਾਰਮ ਵਿੱਚ ਚੱਲ ਰਹੀ ਮੋਨਾ ਅਗਰਵਾਲ ਨੇ ਵੀ ਪੰਜਵਾਂ ਸਥਾਨ ਹਾਸਲ ਕਰਕੇ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ਲਈ ਕੁਆਲੀਫਾਈ ਕੀਤਾ ਹੈ।
ਡਿਫੈਂਡਿੰਗ ਚੈਂਪੀਅਨ ਅਵਨੀ ਨੇ 625.8 ਦਾ ਸਕੋਰ ਬਣਾਇਆ ਅਤੇ ਇਰੀਨਾ ਸ਼ਚੇਤਨਿਕ ਨੂੰ ਪਿੱਛੇ ਛੱਡ ਦਿੱਤਾ। ਇਰੀਨਾ ਨੇ ਪੈਰਾਲੰਪਿਕ ਕੁਆਲੀਫਿਕੇਸ਼ਨ ਰਾਊਂਡ ਵਿੱਚ 627.5 ਦੇ ਸਕੋਰ ਨਾਲ ਨਵਾਂ ਰਿਕਾਰਡ ਕਾਇਮ ਕੀਤਾ। ਦੋ ਵਾਰ ਦੀ ਵਿਸ਼ਵ ਕੱਪ ਸੋਨ ਤਗਮਾ ਜੇਤੂ ਮੋਨਾ ਨੇ ਆਪਣੇ ਪਹਿਲੇ ਪੈਰਾਲੰਪਿਕ ਵਿੱਚ ਹਿੱਸਾ ਲੈਂਦਿਆਂ 623.1 ਦਾ ਸਕੋਰ ਬਣਾਇਆ।