ਚੰਡੀਗੜ੍ਹ: ਪੰਜਾਬ ਵਿੱਚ ਖ਼ਤਰਨਾਕ ਲਾਵਾਰਿਸ ਕੁੱਤਿਆਂ ਖ਼ਿਲਾਫ਼ ਮੁਹਿੰਮ ਚਲਾਉਣ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਸ਼ਲ ਮੀਡੀਆ ਪੋਸਟ ਤੋਂ ਬਾਅਦ ਹੁਣ ਪੰਜਾਬੀ ਅਤੇ ਬਾਲੀਵੁੱਡ ਅਦਾਕਾਰ ਸੋਨੂ ਸੂਦ ਵੀ ਇਸ ਮਾਮਲੇ ਵਿੱਚ ਮੈਦਾਨ ਵਿੱਚ ਆ ਗਏ ਹਨ। ਮੋਗਾ ਨਾਲ ਸਬੰਧਤ ਸੋਨੂ ਸੂਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਲਾਵਾਰਿਸ ਕੁੱਤਿਆਂ ਨੂੰ ਮਾਰਨਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ।
ਕੁੱਤਿਆਂ ਲਈ ਸ਼ੈਲਟਰ ਹੋਮ ਬਣਾਉਣ ਦੀ ਗੱਲ
ਵੀਡੀਓ ਵਿੱਚ ਸੋਨੂ ਸੂਦ ਨੇ ਕਿਹਾ ਕਿ ਉਹ ਆਪਣੀ ਤਰਫੋਂ ਕੋਸ਼ਿਸ਼ ਕਰਨਗੇ ਕਿ ਕੁੱਤਿਆਂ ਲਈ ਸ਼ੈਲਟਰ ਹੋਮ ਬਣਾਏ ਜਾ ਸਕਣ। ਉਨ੍ਹਾਂ ਕਿਹਾ ਕਿ ਵਫ਼ਾਦਾਰੀ ਦੀ ਗੱਲ ਕੀਤੀ ਜਾਵੇ ਤਾਂ ਇਨਸਾਨ ਨੂੰ ਸਭ ਤੋਂ ਵੱਧ ਵਫ਼ਾਦਾਰੀ ਕੁੱਤਿਆਂ ਤੋਂ ਹੀ ਸਿੱਖਣ ਨੂੰ ਮਿਲਦੀ ਹੈ।
ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਸਟਰੇਅ ਡੌਗਜ਼ ਨੂੰ ਲੋਕ ਆਪਣੇ ਘਰਾਂ ਵਿੱਚ ਗੋਦ ਲੈਂਦੇ ਹਨ, ਉਨ੍ਹਾਂ ਦੀ ਦੇਖਭਾਲ ਕਰਦੇ ਹਨ ਅਤੇ ਉਹ ਆਮ ਤੌਰ ’ਤੇ ਨੁਕਸਾਨ ਨਹੀਂ ਪਹੁੰਚਾਉਂਦੇ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਮੰਨਿਆ ਕਿ ਕੁਝ ਮਾਮਲਿਆਂ ਵਿੱਚ ਆਵਾਰਾ ਕੁੱਤਿਆਂ ਵੱਲੋਂ ਬੱਚਿਆਂ ਉੱਤੇ ਹਮਲੇ ਕਰਨ ਦੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਹਨ।
ਸ਼ਿਕਾਇਤ ਕਰਕੇ ਕਾਰਵਾਈ ਕਰਨ ਦੀ ਅਪੀਲ
ਸੋਨੂ ਸੂਦ ਨੇ ਕਿਹਾ ਕਿ ਜਿਨ੍ਹਾਂ ਇਲਾਕਿਆਂ ਵਿੱਚ ਖ਼ਤਰਨਾਕ ਕੁੱਤੇ ਹੁੰਦੇ ਹਨ, ਉਥੇ ਰਹਿਣ ਵਾਲੇ ਲੋਕਾਂ ਨੂੰ ਅਕਸਰ ਪਤਾ ਹੁੰਦਾ ਹੈ ਕਿ ਕਿਹੜੇ ਜਾਨਵਰ ਨੁਕਸਾਨ ਪਹੁੰਚਾ ਸਕਦੇ ਹਨ। ਅਜਿਹੇ ਮਾਮਲਿਆਂ ਵਿੱਚ ਸ਼ਿਕਾਇਤ ਕੀਤੀ ਜਾ ਸਕਦੀ ਹੈ ਅਤੇ ਉਨ੍ਹਾਂ ਨੂੰ ਫੜਿਆ ਵੀ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਸੜਕਾਂ ’ਤੇ ਘੁੰਮ ਰਹੀ ਇਹ ਇੱਕ ਵਫ਼ਾਦਾਰ ਕੌਮ ਹੈ, ਜਿਸ ਨੂੰ ਅਸੀਂ ਅਕਸਰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਇਸ ਲਈ ਲੋਕਾਂ ਨੂੰ ਮਿਲ ਕੇ ਆਵਾਜ਼ ਉਠਾਉਣੀ ਚਾਹੀਦੀ ਹੈ ਤਾਂ ਜੋ ਬੇਜ਼ੁਬਾਨ ਜਾਨਵਰਾਂ ਨੂੰ ਵੀ ਨਵੀਂ ਜ਼ਿੰਦਗੀ ਮਿਲ ਸਕੇ।
ਵੱਧ ਤੋਂ ਵੱਧ ਗੋਦ ਲੈਣ ਦੀ ਕੀਤੀ ਅਪੀਲ
ਸੋਨੂ ਸੂਦ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਸਟਰੇਅ ਡੌਗਜ਼ ਨੂੰ ਗੋਦ ਲਿਆ ਜਾਵੇ। ਉਨ੍ਹਾਂ ਕਿਹਾ ਕਿ ਜੇ ਕੋਈ ਵਿਅਕਤੀ ਕਿਸੇ ਕੁੱਤੇ ਦੀ ਦੇਖਭਾਲ ਕਰਦਾ ਹੈ ਜਾਂ ਉਸ ਨੂੰ ਖਾਣਾ ਦਿੰਦਾ ਹੈ ਤਾਂ ਉਸ ਦੇ ਗਲੇ ਵਿੱਚ ਪੱਟਾ ਪਾਇਆ ਜਾ ਸਕਦਾ ਹੈ, ਤਾਂ ਜੋ ਇਹ ਪਤਾ ਲੱਗ ਸਕੇ ਕਿ ਉਸ ਦੀ ਜ਼ਿੰਮੇਵਾਰੀ ਕਿਸ ਕੋਲ ਹੈ।














