ਮੁੰਬਈ : ਇਜ਼ਰਾਈਲ -ਅਮਰੀਕਾ ਅਤੇ ਈਰਾਨ ਵਿਚਕਾਰ ਦਿਨੋਂ ਦਿਨ ਵਧਦੇ ਤਣਾਅ ਕਾਰਨ ਪਿਛਲੇ ਕੁਝ ਦਿਨਾਂ ਤੋਂ ਦੁਨੀਆ ਭਰ ਦੇ ਲੋਕਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਮੱਧ ਪੂਰਬ ਵਿੱਚ ਸਥਿਤੀ ਭਿਆਨਕ ਹੈ, ਅਤੇ ਲੋਕ ਦੁਬਈ ਸਮੇਤ ਕਈ ਥਾਵਾਂ ‘ਤੇ ਹਵਾਈ ਅੱਡਿਆਂ ‘ਤੇ ਫਸੇ ਹੋਏ ਹਨ। ਇਸ ਜੰਗ ਦੌਰਾਨ ਸੋਨੂੰ ਸੂਦ ਦੁਬਈ ਵਿੱਚ ਫਸੇ ਭਾਰਤੀਆਂ ਦੀ ਮਦਦ ਲਈ ਅੱਗੇ ਆਏ ਹਨ।
ਮਸ਼ਹੂਰ ਐਕਟਰ ਅਤੇ ਪ੍ਰੋਡਿਊਸਰ ਸੋਨੂੰ ਸੂਦ ਨੇ ਇਜ਼ਰਾਈਲ-ਈਰਾਨ ਵਿਚਾਲੇ ਚੱਲ ਰਹੇ ਤਣਾਅ ਦੌਰਾਨ ਲੋਕਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਹੈ। ਸੋਨੂੰ ਸੂਦ ਨੇ ਕਿਹਾ ਹੈ ਕਿ ਜੋ ਲੋਕ ਜੰਗ ਦੀ ਸਥਿਤੀ ਕਾਰਨ ਦੁਬਈ ਵਿੱਚ ਫਸੇ ਹੋਏ ਹਨ, ਉਨ੍ਹਾਂ ਨੂੰ ਮੁਫ਼ਤ ਰਿਹਾਇਸ਼ ਦੀ ਸਹੂਲਤ ਦਿੱਤੀ ਜਾਵੇਗੀ। ਉਨ੍ਹਾਂ ਨੇ ਮਦਦ ਦਾ ਇਹ ਐਲਾਨ ਸਿਰਫ਼ ਭਾਰਤੀਆਂ ਲਈ ਹੀ ਨਹੀਂ, ਸਗੋਂ ਇਨਸਾਨੀਅਤ ਦੇ ਨਾਤੇ ਸਾਰਿਆਂ ਲਈ ਕੀਤਾ ਹੈ।
ਦੱਸ ਦਈਏ ਕਿ ਸੋਨੂੰ ਸੂਦ ਹਮੇਸ਼ਾ ਤੋਂ ਹੀ ਲੋਕਾਂ ਦੀ ਨਿਰਸੁਆਰਥ ਮਦਦ ਲਈ ਜਾਣੇ ਜਾਂਦੇ ਹਨ ਅਤੇ ਹੁਣ ਉਨ੍ਹਾਂ ਨੇ ਦੁਬਈ ਵਿੱਚ ਫਸੇ ਮਜਬੂਰ ਲੋਕਾਂ ਲਈ ਸੁਰੱਖਿਅਤ ਰਿਹਾਇਸ਼ ਮੁਹੱਈਆ ਕਰਵਾਉਣ ਦੀ ਗੱਲ ਕਹੀ ਹੈ। ਅਦਾਕਾਰ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਸ਼ਰਤ ਅਤੇ ਪੈਸੇ ਦੇ ਉਹ ਉਨ੍ਹਾਂ ਸਾਰੇ ਲੋਕਾਂ ਦੀ ਮਦਦ ਕਰਨਗੇ, ਜਿਨ੍ਹਾਂ ਕੋਲ ਅਜਿਹੇ ਹਾਲਾਤਾਂ ਵਿੱਚ ਰਹਿਣ ਲਈ ਸੁਰੱਖਿਅਤ ਥਾਂ ਨਹੀਂ ਬਚੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਤੁਹਾਡੇ ਜਾਂ ਤੁਹਾਡੇ ਕਿਸੇ ਜਾਣਕਾਰ ਕੋਲ ਰਹਿਣ ਲਈ ਜਗ੍ਹਾ ਨਹੀਂ ਹੈ, ਤਾਂ ਉਹ ਸਿੱਧਾ ਇੰਸਟਾਗ੍ਰਾਮ ਰਾਹੀਂ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।
ਸੋਨੂ ਸੂਦ ਦੀ ਇਸ ਮੁਹਿੰਮ ਨੂੰ ਯੂਜ਼ਰਸ ਨੇ ਵੀ ਖੁੱਲ੍ਹ ਕੇ ਸਪੋਰਟ ਕੀਤਾ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਸੋਨੂ ਸੂਦ ਪਹਿਲੇ ਅਜਿਹੇ ਅਦਾਕਾਰ ਹਨ, ਜੋ ਹਰ ਮੁਸ਼ਕਲ ਘੜੀ ਵਿੱਚ ਮਦਦ ਦਾ ਹੱਥ ਅੱਗੇ ਵਧਾਉਂਦੇ ਹਨ। ਇਸ ਤੋਂ ਪਹਿਲਾਂ ਸੋਨੂ ਸੂਦ ਨੇ ਰਾਜਪਾਲ ਯਾਦਵ ਨੂੰ ਜੇਲ੍ਹ ਤੋਂ ਬਾਹਰ ਕੱਢਣ ਲਈ ਪਹਿਲਾ ਕਦਮ ਚੁੱਕਿਆ ਸੀ ਅਤੇ ਫ਼ਿਲਮੀ ਜਗਤ ਨਾਲ ਜੁੜੇ ਲੋਕਾਂ ਨੂੰ ਆਪਣੀ ਸਮਰੱਥਾ ਅਨੁਸਾਰ ਪੈਸੇ ਦਾਨ ਕਰਨ ਲਈ ਕਿਹਾ ਸੀ।














