ਕੈਲਗਰੀ : ਐਲਬਰਟਾ ਵਿਚ ਬਰਫਬਾਰੀ ਕਾਰਨ ਸ਼ੁੱਕਰਵਾਰ ਨੂੰ ਦੇ ਕੁਈਨ ਐਲਿਜ਼ਾਬੈਥ ਹਾਈਵੇਅ ’ਤੇ ਕਈ ਟ੍ਰਾਂਸਪੋਰਟ ਟਰੱਕ ਅਤੇ ਗੱਡੀਆਂ ਆਪਸ ਵਿਚ ਭਿੜ ਗਈਆਂ। ਵੱਡੇ ਹਾਦਸੇ ਦੌਰਾਨ ਇਕ ਜਣੇ ਦੀ ਮੌਤ ਹੋਣ ਅਤੇ ਚਾਰ ਹੋਰਨਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ਆਰ.ਸੀ.ਐਮ.ਪੀ. ਨੇ ਦੱਸਿਆ ਕਿ ਏਅਰਡ੍ਰੀ ਤੋਂ ਰੈਡ ਡੀਅਰ ਦਰਮਿਆਨ ਸੜਕ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਕਾਰਪੋਰਲ ਜੀਨਾ ਸਲੇਨੀ ਨੇ ਕਿਹਾ ਕਿ ਹਾਈਵੇਅ ਪਿਛਲੇ ਕੁਝ ਵਰਿ੍ਹਆਂ ਦੀ ਸਭ ਤੋਂ ਮਾੜੀ ਹਾਲਤ ਵਿਚ ਪੁੱਜ ਗਿਆ ਜਾਪਦਾ ਹੈ। ਓਲਡਜ਼ ਅਤੇ ਡਿਡਜ਼ਬਰੀ ਦਰਮਿਆਨ ਡਰਾਈਵਿੰਗ ਕਰਨੀ ਬੇਹੱਦ ਮੁਸ਼ਕਲ ਹੋ ਚੁੱਕੀ ਹੈ ਅਤੇ ਹਾਦਸੇ ਵਾਪਰ ਰਹੇ ਹਨ। ਟ੍ਰਾਂਸਪੋਰਟ ਟਰੱਕ ਕੂਹਣੀ ਵਾਂਗ ਕਦੋਂ ਮੁੜ ਜਾਣ ਪਤਾ ਹੀ ਨਹੀਂ ਲਗਦਾ ਜਦਕਿ ਕਾਰਾਂ ਇਨ੍ਹਾਂ ਦੀ ਲਪੇਟ ਵਿਚ ਆ ਜਾਂਦੀਆਂ ਹਨ। ਸ਼ੁੱਕਰਵਾਰ ਸਵੇਰੇ ਵਾਪਰੇ ਹਾਦਸਿਆਂ ਨੂੰ ਵੇਖਦਿਆਂ ਹਾਈਵੇਅ ਨੂੰ ਆਰਜ਼ੀ ਤੌਰ ’ਤੇ ਬੰਦ ਕਰਨਾ ਪਿਆ। ਉਤਰ ਵੱਲ ਜਾਂਦੀਆਂ ਲੇਨਜ਼ ਸਵੇਰੇ 11 ਵਜੇ ਖੋਲ੍ਹੀਆਂ ਗਈਆਂ ਜਦਕਿ ਦੱਖਣ ਵੱਲ ਜਾਂਦੀਆਂ ਲੇਨਜ਼ ਸ਼ਾਮ ਪੰਜ ਵਜੇ ਤੱਕ ਬੰਦ ਰਹੀਆਂ। ਪੁਲਿਸ ਮੁਤਾਬਕ ਹਾਦਸਿਆਂ ਦੌਰਾਨ ਕਈ ਵਿਦਿਆਰਥੀ ਬੁਰੀ ਤਰ੍ਹਾਂ ਪ੍ਰਭਾਵਤ ਹੋਏ। ਇਕ ਹਾਈ ਸਕੂਲ ਦੀ ਬੱਸ ਵੀ ਹਾਦਸੇ ਦੌਰਾਨ ਭਿੜ ਗਈ ਪਰ ਖੁਸ਼ਕਿਸਮਤੀ ਨਾਲ ਵਿਦਿਆਰਥੀ ਸੁਰੱਖਿਅਤ ਹਨ।