ਚੰਡੀਗੜ੍ਹ: ਬਿਕਰਮ ਸਿੰਘ ਮਜੀਠੀਆ ਨਾਲ ਜੁੜੇ ਡਰੱਗ ਮਾਮਲੇ ਦੀ ਜਾਂਚ ਮੁੜ ਚਰਚਾ ਵਿੱਚ ਆ ਗਈ ਹੈ। 6,000 ਕਰੋੜ ਰੁਪਏ ਦੇ ਡਰੱਗ ਮਾਮਲੇ ਵਿੱਚ ਬੁੱਧਵਾਰ ਨੂੰ ਵਿਸ਼ੇਸ਼ ਜਾਂਚ ਟੀਮ (SIT) ਨੇ ਸੀਨੀਅਰ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਸੰਮਨ ਜਾਰੀ ਕੀਤਾ ਹੈ। ਉਨ੍ਹਾਂ ਨੂੰ 5 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਜਗਦੀਸ਼ ਭੋਲਾ ਨੂੰ ਵੀ ਇਸੇ ਮਾਮਲੇ ਵਿੱਚ ਸੰਮਨ ਕੀਤਾ ਗਿਆ ਹੈ।
ਜਗਦੀਸ਼ ਭੋਲਾ ਦਾ ਨਾਮ ਇਸ ਮਾਮਲੇ ਦੀ ਪੁਰਾਣੀ ਜਾਂਚ ਵਿੱਚ ਮੁੱਖ ਤੌਰ ‘ਤੇ ਸਾਹਮਣੇ ਆਇਆ ਸੀ। ਉਸ ਨੂੰ 2013 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਉਸ ਦੇ ਬਿਆਨਾਂ ਦੇ ਆਧਾਰ ‘ਤੇ ਮਜੀਠੀਆ ਤੋਂ ਵੀ ਪੁੱਛਗਿੱਛ ਹੋਈ ਸੀ। ਮਜੀਠੀਆ ਨੂੰ ਦਸੰਬਰ 2021 ਵਿੱਚ ਐਨਡੀਪੀਐਸ ਐਕਟ ਤਹਿਤ ਦਰਜ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ। ਇਸ ਮਾਮਲੇ ਦੀ ਜਾਂਚ ਲਈ ਪੰਜਾਬ ਪੁਲਿਸ ਵੱਲੋਂ ਐਸਆਈਟੀ ਵੀ ਬਣਾਈ ਗਈ ਸੀ।FIR ਵਿੱਚ ਕਿਹਾ ਗਿਆ ਹੈ ਕਿ ਕਥਿਤ ਗਤੀਵਿਧੀਆਂ ਦਾ ਸਮਾਂ 2004 ਤੋਂ 2014 ਤੱਕ ਸੀ। ਜਗਦੀਸ਼ ਸਿੰਘ ਭੋਲਾ, ਜਗਜੀਤ ਸਿੰਘ ਚਾਹਲ, ਮਨਿੰਦਰ ਸਿੰਘ ਔਲਖ ਉਰਫ਼ ਬਿੱਟੂ ਔਲਖ ਅਤੇ ਹੋਰਾਂ ਦੇ ਬਿਆਨਾਂ ਦਾ ਵੀ ਜ਼ਿਕਰ ਹੋਇਆ। ਪੰਜਾਬ ਸਰਕਾਰ ਨੇ ਅਦਾਲਤ ਵਿੱਚ ਕਿਹਾ ਕਿ ਇਨ੍ਹਾਂ ਬਿਆਨਾਂ ਅਤੇ ਹੋਰ ਸਮੱਗਰੀ ਦੇ ਆਧਾਰ ‘ਤੇ ਮਜੀਠੀਆ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।
ਹਾਲਾਂਕਿ ਮਜੀਠੀਆ ਨੇ ਇਸ ਮਾਮਲੇ ਵਿੱਚ ਕਾਨੂੰਨੀ ਲੜਾਈ ਲੜੀ ਅਤੇ ਅੰਮ੍ਰਿਤਸਰ ਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ, ਪਰ ਬਾਅਦ ਵਿੱਚ ਉਹ ਜੇਲ੍ਹ ਚਲੇ ਗਏ। ਅਗਸਤ 2022 ਵਿੱਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ। ਮਜੀਠੀਆ ਪਹਿਲਾਂ ਵੀ ਇਸ ਕੇਸ ਨੂੰ ਲੈ ਕੇ ਕਈ ਸਵਾਲ ਉਠਾ ਚੁੱਕੇ ਹਨ।
ਹੁਣ 5 ਅਕਤੂਬਰ ਦੀ ਪੁੱਛਗਿੱਛ ਨੂੰ ਲੈ ਕੇ ਧਿਆਨ ਇਸ ਗੱਲ ‘ਤੇ ਹੈ ਕਿ ਐਸਆਈਟੀ ਦੋਵਾਂ ਤੋਂ ਕਿਹੜੇ ਸਵਾਲ ਕਰਦੀ ਹੈ ਅਤੇ ਕੀ ਉਨ੍ਹਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਂਦੀ ਹੈ।














