ਨਵੀ ਦਿੱਲੀ : ਸਿੱਕਮ ਵਿੱਚ ਹੋਏ ਸੁਰੰਗ ਹਾਦਸੇ ਵਿੱਚ ਹੁਣ ਤੱਕ 20 ਮਜ਼ਦੂਰਾਂ ਦੀ ਮੌਤ ਦੀ ਖ਼ਬਰ ਹੈ। ਬਚਾਅ ਕਾਰਜ ਜਾਰੀ ਹੈ ਅਤੇ ਬਾਕੀਆਂ ਨੂੰ ਬਚਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸਿੱਕਮ ਦੇ ਨਾਮਚੀ ਜ਼ਿਲ੍ਹੇ ਵਿੱਚ ਬਣ ਰਹੀ ਇੱਕ ਸੁਰੰਗ ਵਿੱਚ ਸ਼ੱਕੀ ਮੀਥੇਨ ਗੈਸ ਦਾ ਧਮਾਕਾ ਹੋਇਆ ਸੀ, ਜਿਸ ਕਾਰਨ ਸੁਰੰਗ ਢਹਿ ਗਈ ਸੀ।
ਐੱਨ.ਐੱਚ.ਪੀ.ਸੀ. ਦੇ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਦੀ ਸੁਰੰਗ ਵਿੱਚ ਫਸੇ 25 ਵਿੱਚੋਂ 20 ਮਜ਼ਦੂਰਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਕਰ ਲਈਆਂ ਗਈਆਂ। ਬਚਾਅ ਕਾਰਜ ਵਿੱਚ ਜੁਟੀਆਂ ਟੀਮਾਂ ਦੇਰ ਰਾਤ ਤੱਕ ਬਾਕੀ ਪੰਜ ਮਜ਼ਦੂਰਾਂ ਤੱਕ ਨਹੀਂ ਪਹੁੰਚ ਸਕੀਆਂ। ਇਹ ਮਜ਼ਦੂਰ ਸੁਰੰਗ ਵਿੱਚ ਵੱਖ-ਵੱਖ ਥਾਵਾਂ ‘ਤੇ ਫਸੇ ਹੋਏ ਸਨ। ਟੀਮਾਂ ਇਨ੍ਹਾਂ ਤੱਕ ਪਹੁੰਚਣ ਲਈ 24 ਘੰਟਿਆਂ ਤੋਂ ਮਸ਼ੱਕਤ ਕਰ ਰਹੀਆਂ ਸਨ, ਪਰ ਸੁਰੰਗ ਵਿੱਚ ਮੀਥੇਨ ਗੈਸ ਭਰੀ ਹੋਣ ਕਰਕੇ ਕਈ ਬਚਾਅ ਕਰਮਚਾਰੀ ਬੇਹੋਸ਼ ਹੋ ਗਏ।
ਇਹ ਅਦਿਤ-3 (Adit-3) ਸੁਰੰਗ ਹੈ, ਜੋ ਨਾਮਚੀ ਜ਼ਿਲ੍ਹੇ ਦੇ ਸਮਰਡੁੰਗ-ਝੋਲੁੰਗਯ ਵਿੱਚ ਬਣ ਰਹੇ ਤੀਸਤਾ ਸਟੇਜ-6 ਪ੍ਰੋਜੈਕਟ ਦਾ ਹਿੱਸਾ ਹੈ। ਇਸ ਨੂੰ ਪਟੇਲ ਇੰਜੀਨੀਅਰਿੰਗ ਕੰਪਨੀ ਬਣਾ ਰਹੀ ਸੀ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਝ ਲੋਕ ਅਜੇ ਵੀ ਫਸੇ ਹੋਏ ਹਨ। ਦੱਸ ਦਈਏ ਕਿ ਇਸ ਹਾਦਸੇ ਤੋਂ ਬਾਅਦ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨੇ ਮਾਰੇ ਗਏ ਹਰ ਮਜ਼ਦੂਰ ਦੇ ਪਰਿਵਾਰ ਨੂੰ 4 ਲੱਖ ਰੁਪਏ ਅਤੇ ਹਰ ਜ਼ਖ਼ਮੀ ਵਿਅਕਤੀ ਨੂੰ 50,000 ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸੁਰੰਗ ਦੇ ਢਹਿਣ ਦਾ ਕਾਰਨ ਬਣੇ ਮੀਥੇਨ ਗੈਸ ਧਮਾਕੇ ਦੀ ਵਜ੍ਹਾ ਦਾ ਪਤਾ ਲਗਾਉਣ ਲਈ ਇੱਕ ਵਿਸ਼ੇਸ਼ ਕਮੇਟੀ ਗਠਿਤ ਕੀਤੀ ਜਾਵੇਗੀ।
ਇਸ ਹਾਦਸੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਮੰਤਰੀ ਨਾਲ ਗੱਲ ਕੀਤੀ ਸੀ ਅਤੇ ਹਾਲਾਤ ਦਾ ਜਾਇਜ਼ਾ ਲੈਂਦਿਆਂ ਇਹ ਭਰੋਸਾ ਦਿਵਾਇਆ ਸੀ ਕਿ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਮਦਦ ਮਿਲੇਗੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਵੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ।ਦੱਸ ਦਈਏ ਕਿ ਸਿੱਕਮ ਵਿਧਾਨ ਸਭਾ ਨੇ ਸੁਰੰਗ ਢਹਿਣ ਕਾਰਨ ਮਾਰੇ ਗਏ ਮਜ਼ਦੂਰਾਂ ਦੇ ਸ਼ੋਕ ਵਿੱਚ ਦੋ ਮਿੰਟ ਦਾ ਮੌਨ ਵੀ ਰੱਖਿਆ ਸੀ।














