ਚੰਡੀਗੜ੍ਹ: ਕਾਂਗਰਸ ਦੇ ਅੰਦਰ ਪੰਜਾਬ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਅਤੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਸਚਿਨ ਪਾਇਲਟ ਨੇ ਮੰਗਲਵਾਰ ਨੂੰ ਨਵੀਂ ਦਿੱਲੀ ਵਿੱਚ ਪਾਰਟੀ ਦੇ ਚੋਟੀ ਦੇ ਆਗੂਆਂ ਨਾਲ ਅਹਿਮ ਮੀਟਿੰਗਾਂ ਕੀਤੀਆਂ। ਪਹਿਲਾਂ ਉਨ੍ਹਾਂ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਇਸ ਤੋਂ ਬਾਅਦ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਵੀ ਬੈਠਕ ਕੀਤੀ। ਪੰਜਾਬ ਦਾ ਇੰਚਾਰਜ ਬਣਨ ਤੋਂ ਬਾਅਦ ਗਾਂਧੀ ਪਰਿਵਾਰ ਨਾਲ ਪਾਇਲਟ ਦੀਆਂ ਇਹ ਲਗਾਤਾਰ ਮੁਲਾਕਾਤਾਂ ਕਾਫ਼ੀ ਅਹਿਮ ਮੰਨੀਆਂ ਜਾ ਰਹੀਆਂ ਹਨ।

ਪੰਜਾਬ ਕਾਂਗਰਸ ’ਚ ਬਦਲਾਅ ਦੀ ਚਰਚਾ ਤੇਜ਼

ਸਿਆਸੀ ਜਾਣਕਾਰਾਂ ਮੁਤਾਬਕ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਨਾਲ ਪਾਇਲਟ ਦੀਆਂ ਮੀਟਿੰਗਾਂ ਤੋਂ ਬਾਅਦ ਪੰਜਾਬ ਕਾਂਗਰਸ ਦੇ ਸੰਗਠਨ ਵਿੱਚ ਕੁਝ ਵੱਡੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਹਾਲਾਂਕਿ ਫਿਲਹਾਲ ਪਾਰਟੀ ਵੱਲੋਂ ਕਿਸੇ ਸੰਭਾਵਿਤ ਬਦਲਾਅ ਬਾਰੇ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ।

ਰਾਜਾ ਵੜਿੰਗ ਵੀ ਪਾਇਲਟ ਨਾਲ ਕਰ ਚੁੱਕੇ ਮੁਲਾਕਾਤ

ਇਸ ਤੋਂ ਪਹਿਲਾਂ ਸੋਮਵਾਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਦਿੱਲੀ ਵਿੱਚ ਸਚਿਨ ਪਾਇਲਟ ਨਾਲ ਮੁਲਾਕਾਤ ਕੀਤੀ ਸੀ। ਪੰਜਾਬ ਦਾ ਨਵਾਂ ਇੰਚਾਰਜ ਬਣਨ ਤੋਂ ਬਾਅਦ ਵੜਿੰਗ ਦੀ ਪਾਇਲਟ ਨਾਲ ਇਹ ਪਹਿਲੀ ਬੈਠਕ ਸੀ।

ਮੀਟਿੰਗ ਵਿੱਚ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ, ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਚੋਣ ਰਣਨੀਤੀ ਨੂੰ ਲੈ ਕੇ ਵਿਚਾਰ-ਵਟਾਂਦਰਾ ਹੋਇਆ। ਰਾਜਾ ਵੜਿੰਗ ਦੇ ਨਾਲ ਕਾਂਗਰਸ ਆਗੂ ਕੁਲਬੀਰ ਸਿੰਘ ਜੀਰਾ ਅਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਪਾਇਲਟ ਨਾਲ ਮੁਲਾਕਾਤ ਕੀਤੀ।

ਜਲਦ ਪੰਜਾਬ ਆ ਸਕਦੇ ਹਨ ਸਚਿਨ ਪਾਇਲਟ

ਸੂਤਰਾਂ ਮੁਤਾਬਕ ਸਚਿਨ ਪਾਇਲਟ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦਾ ਦੌਰਾ ਕਰ ਸਕਦੇ ਹਨ। ਇਸ ਦੌਰਾਨ ਉਹ ਸੂਬੇ ਦੇ ਸੀਨੀਅਰ ਆਗੂਆਂ, ਵਿਧਾਇਕਾਂ ਅਤੇ ਪਾਰਟੀ ਅਹੁਦੇਦਾਰਾਂ ਨਾਲ ਬੈਠਕਾਂ ਕਰਕੇ ਚੋਣ ਤਿਆਰੀਆਂ ਸਬੰਧੀ ਰੋਡਮੈਪ ’ਤੇ ਚਰਚਾ ਕਰਨਗੇ। ਰਾਹੁਲ ਗਾਂਧੀ ਦੀ ਇਸੇ ਮਹੀਨੇ ਪ੍ਰਸਤਾਵਿਤ ਪੰਜਾਬ ਯਾਤਰਾ ਤੋਂ ਪਹਿਲਾਂ ਪਾਇਲਟ ਦਾ ਦੌਰਾ ਹੋਣ ਦੀ ਸੰਭਾਵਨਾ ਨੂੰ ਵੀ ਅਹਿਮ ਮੰਨਿਆ ਜਾ ਰਿਹਾ ਹੈ।

ਗੁੱਟਬਾਜ਼ੀ ਖਤਮ ਕਰਨਾ ਵੱਡੀ ਚੁਣੌਤੀ

ਕਾਂਗਰਸ ਨੇ 5 ਸਤੰਬਰ ਨੂੰ ਸੰਗਠਨ ਵਿੱਚ ਵੱਡਾ ਫੇਰਬਦਲ ਕਰਦਿਆਂ ਭੂਪੇਸ਼ ਬਘੇਲ ਦੀ ਥਾਂ ਸਚਿਨ ਪਾਇਲਟ ਨੂੰ ਪੰਜਾਬ ਦਾ ਇੰਚਾਰਜ ਬਣਾਇਆ ਸੀ। ਬਘੇਲ ਨੂੰ ਅਸਾਮ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਹੁਣ ਪਾਇਲਟ ਦੇ ਸਾਹਮਣੇ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚ ਪੰਜਾਬ ਕਾਂਗਰਸ ਦੀ ਲੰਬੇ ਸਮੇਂ ਤੋਂ ਚੱਲ ਰਹੀ ਗੁੱਟਬਾਜ਼ੀ ਨੂੰ ਖਤਮ ਕਰਨਾ ਅਤੇ ਆਗੂਆਂ ਨੂੰ ਇੱਕ ਮੰਚ ’ਤੇ ਲਿਆਉਣਾ ਸ਼ਾਮਲ ਹੈ। ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਚਕਾਰ ਚੱਲ ਰਹੀ ਖਿੱਚੋਤਾਣ ਦੇ ਮਾਹੌਲ ਵਿੱਚ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਪਾਰਟੀ ਨੂੰ ਇਕਜੁੱਟ ਕਰਨਾ ਪਾਇਲਟ ਲਈ ਅਹਿਮ ਇਮਤਿਹਾਨ ਹੋਵੇਗਾ।