ਪੰਜਾਬ ਦੇ ਮਾਨਸਾ ਦੀ ਅਦਾਲਤ ਵਿੱਚ ਅੱਜ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਸੁਣਵਾਈ ਦੀ ਤਰੀਕ ਤੈਅ ਹੋ ਗਈ ਹੈ। ਅਦਾਲਤ ਵਿੱਚ ਗਵਾਹ ਨਾ ਹੋਣ ਕਾਰਨ ਅਦਾਲਤ ਵੱਲੋਂ ਅਗਲੀ ਪੇਸ਼ੀ 26 ਜੁਲਾਈ 2024 ਨਿਸ਼ਚਿਤ ਕੀਤੀ ਗਈ ਹੈ। ਜ਼ਿਲ੍ਹਾ ਅਦਾਲਤ ਨੇ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਅਗਲੀ ਤਰੀਕ ‘ਤੇ ਗਵਾਹ ਵਜੋਂ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।

ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੋ ਦੇ ਮੁੱਖ ਗਵਾਹ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਗਵਾਹੀ ਦੇਣ ਲਈ ਪੇਸ਼ ਹੋਣਾ ਸੀ ਪਰ ਉਹ ਕਿਸੇ ਕਾਰਨ ਅਦਾਲਤ ’ਚ ਪੇਸ਼ ਨਹੀਂ ਹੋ ਸਕੇ। ਇਹ ਦੂਜੀ ਵਾਰ ਹੈ ਜਦੋਂ ਘਟਨਾ ਤੋਂ ਬਾਅਦ ਸਿੱਧੂ ਦੀ ਥਾਰ ਵਿੱਚ ਬੈਠੇ ਦੋਵੇਂ ਦੋਸਤ ਗਵਾਹੀ ਦੇਣ ਨਹੀਂ ਆਏ। ਅਦਾਲਤ ਨੇ ਕੱਲ੍ਹ ਯਾਨੀ ਸ਼ੁੱਕਰਵਾਰ ਨੂੰ ਦੋਵਾਂ ਦੇ ਬਿਆਨ ਦਰਜ ਕਰਨ ਦੀ ਤਰੀਕ ਤੈਅ ਕੀਤੀ ਸੀ।

ਦੱਸ ਦੇਈਏ ਕਿ 29 ਮਈ 2022 ਦੀ ਸ਼ਾਮ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ ਉਦੋਂ 28 ਸਾਲ ਦੇ ਸਨ। ਕਤਲ ਤੋਂ ਬਾਅਦ ਤੋਂ ਹੀ ਮਾਪੇ ਆਪਣੇ ਪੁੱਤਰ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਕਰ ਰਹੇ ਹਨ।