ਪੰਜਾਬ ਦੇ ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਦੇ ਲੰਗਰ ਹਾਲ ‘ਚ ਵੱਡਾ ਹਾਦਸਾ ਵਾਪਰ ਗਿਆ ਹੈ। ਬੀਤੀ ਰਾਤ ਇੱਕ ਸੇਵਾਦਾਰ ਸੇਵਾ ਕਰਦੇ ਸਮੇਂ ਉਬਲਦੇ ਆਲੂਆਂ ਦੇ ਕੜਾਹੇ ਵਿੱਚ ਡਿੱਗ ਗਿਆ। ਨੇੜੇ ਹੀ ਸੇਵਾ ਕਰ ਰਹੇ ਸੇਵਾਦਾਰਾਂ ਨੇ ਤੁਰੰਤ ਉਸ ਨੂੰ ਕੜਾਹੀ ਵਿੱਚੋਂ ਬਾਹਰ ਕੱਢਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਵੱਲਾ ਸਥਿਤ ਸ਼੍ਰੀ ਗੁਰੂ ਰਾਮਦਾਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸੇਵਾਦਾਰ ਬਲਬੀਰ ਸਿੰਘ ਵਾਸੀ ਧਾਲੀਵਾਲ, ਗੁਰਦਾਸਪੁਰ ਹੈ। ਉਹ ਪਿਛਲੇ ਦਸ ਸਾਲਾਂ ਤੋਂ ਹਰਿਮੰਦਰ ਸਾਹਿਬ ਵਿਖੇ ਸੇਵਾ ਲਈ ਆ ਰਿਹਾ ਸੀ। ਰਾਤ ਕਰੀਬ 12.30 ਵਜੇ ਆਲੂ ਉਬਾਲਣ ਦੀ ਸੇਵਾ ਚੱਲ ਰਹੀ ਸੀ। ਹਰਿਮੰਦਰ ਸਾਹਿਬ ਦੇ ਵੱਡੇ ਕੜਾਹੇ ਵਿੱਚ ਆਲੂ ਉਬਾਲੇ ਜਾ ਰਹੇ ਸਨ। ਇਸ ਦੌਰਾਨ ਬਲਬੀਰ ਸਿੰਘ ਵੀ ਆਲੂ ਉਬਾਲ ਰਿਹਾ ਸੀ ਕਿ ਅਚਾਨਕ ਉਹ ਕੜਾਹੀ ਵਿੱਚ ਡਿੱਗ ਗਿਆ।

ਸੇਵਾ ਕਰ ਰਹੇ ਸੇਵਾਦਾਰਾਂ ਨੇ ਦੱਸਿਆ ਕਿ ਆਲੂ ਉਬਾਲਣ ਸਮੇਂ ਕੜਾਹੀ ‘ਤੇ ਝੱਗ ਨਜ਼ਰ ਆਉਂਦੀ ਹੈ, ਜਿਸ ਨੂੰ ਸਾਫ਼ ਕੀਤਾ ਜਾਂਦਾ ਹੈ। ਬਲਬੀਰ ਸਿੰਘ ਵੀ ਉਹੀ ਝੱਗ ਸਾਫ਼ ਕਰ ਰਿਹਾ ਸੀ। ਇਸ ਦੌਰਾਨ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਸਿੱਧਾ ਕੜਾਹੇ ਵਿਚ ਜਾ ਡਿੱਗਿਆ। ਉਸ ਨੂੰ ਤੁਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਸ੍ਰੀ ਗੁਰੂ ਰਾਮਦਾਸ ਜੀ ਹਸਪਤਾਲ ਵੱਲਾ ਵਿਖੇ ਦਾਖਲ ਕਰਵਾਇਆ ਗਿਆ।

ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦਾ 70 ਫੀਸਦੀ ਸਰੀਰ ਝੁਲਸ ਗਿਆ ਹੈ। ਉਸ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਡਾਕਟਰਾਂ ਦੀ ਟੀਮ ਵੱਲੋਂ ਜ਼ਖ਼ਮੀ ਸੇਵਾਦਾਰ ਨੂੰ ਹਰ ਸੰਭਵ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ।