ਸਰੀ : ਸਰੀ ਦੇ ਰਿਹਾਇਸ਼ੀ ਇਲਾਕੇ ਵਿਚ ਸ਼ੁੱਕਰਵਾਰ ਸਵੇਰੇ ਹੋਈ ਗੋਲੀਬਾਰੀ ਦੌਰਾਨ ਇਕ ਜਣੇ ਦੀ ਮੌਤ ਹੋ ਗਈ ਅਤੇ ਪੁਲਿਸ ਵੱਲੋਂ ਇਸ ਮਾਮਲੇ ਵਿਚ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਐਲਾਨ ਕੀਤਾ ਗਿਆ ਹੈ। ਮਰਨ ਵਾਲੇ ਦੀ ਉਮਰ 29 ਸਾਲ ਦੱਸੀ ਜਾ ਰਹੀ ਹੈ ਪਰ ਉਸ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਆਰ.ਸੀ.ਐਮ.ਪੀ. ਦੇ ਅਫਸਰਾਂ ਮੁਤਾਬਕ 10 ਐਵੇਨਿਊ ਦੀ 164 ਸਟ੍ਰੀਟ ਵਿਚ ਸਵੇਰੇ ਤਕਰੀਬਨ 8.46 ਵਜੇ ਗੋਲੀਆਂ ਚੱਲਣ ਦੀ ਇਤਲਾਹ ਮਿਲੀ ਅਤੇ ਮੌਕੇ ’ਤੇ ਪੁੱਜੇ ਅਫਸਰਾਂ ਨੂੰ ਇਕ ਜਣਾ ਗੰਭੀਰ ਜ਼ਖਮੀ ਹਾਲਤ ਵਿਚ ਮਿਲਿਆ ਜੋ ਕੁਝ ਹੀ ਪਲਾਂ ਵਿਚ ਦਮ ਤੋੜ ਗਿਆ। ਵਾਰਦਾਤ ਤੋਂ ਕੁਝ ਦੇਰ ਬਾਅਦ 18500 ਮੈਕਮਿਲਨ ਰੋਡ ਇਲਾਕੇ ਵਿਚ ਇਕ ਗੱਡੀ ਸੜਦੀ ਹੋਈ ਮਿਲੀ ਅਤੇ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਸ ਦਾ ਸਬੰਧ ਕਤਲ ਨਾਲ ਹੋ ਸਕਦਾ ਹੈ।
ਇੰਟੈਗਰੇਟਿਡ ਹੌਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਮਾਮਲਾ ਹੱਥਾਂ ਵਿਚ ਲੈਂਦਿਆਂ ਪੜਤਾਲ ਆਰੰਭੀ ਤਾਂ ਇਸੇ ਦੌਰਾਨ ਆਰ.ਸੀ.ਐਮ.ਪੀ. ਨੇ ਚਾਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਆਈ ਹਿਟ ਦੇ ਸਾਰਜੈਂਟ ਟਿਮਥੀ ਪਿਅਰੌਟੀ ਨੇ ਇਕ ਬਿਆਨ ਜਾਰੀ ਕਰਦਿਆਂ ਮੌਕੇ ਦੇ ਗਵਾਹਾਂ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ ਅਤੇ ਵਾਰਦਾਤ ਵੇਲੇ ਇਲਾਕੇ ਵਿਚ ਮੌਜੂਦ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਕੋਲ ਇਸ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਆਈ ਹਿਟ ਨਾਲ 1877 551 ਆਈ ਹਿਟ 4448 ’ਤੇ ਸੰਪਕਰ ਕਰ ਸਕਦਾ ਹੈ। ਦੂਜੇ ਪਾਸੇ ਗੋਲੀਬਾਰੀ ਦੀ ਵਾਰਦਾਤ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ ਅਤੇ ਹਥਿਆਰਬੰਦ ਪੁਲਿਸ ਮੁਲਾਜ਼ਮ ਦੀ ਸੁਰੱਖਿਆ ਹੇਠ ਜਾਂਦੀ ਇਕ ਔਰਤ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ।