ਟੋਰਾਂਟੋ : ਟੋਰਾਂਟੋ ਅਤੇ ਮਿਸੀਸਾਗਾ ਵਿਖੇ ਗੋਲੀਬਾਰੀ ਦੀਆਂ ਦੋ ਵਾਰਦਾਤਾਂ ਦੌਰਾਨ ਇਕ ਜਣੇ ਦੀ ਮੌਤ ਹੋ ਗਈ ਜਦਕਿ ਦੂਜਾ ਜ਼ਖਮੀ ਹੋ ਗਿਆ। ਟੋਰਾਂਟੋ ਦੀ ਅੰਡਰਗਰਾਊਂਡ ਪਾਰਕਿੰਗ ਵਿਚ ਗੋਲੀ ਚੱਲੀ ਜਦਕਿ ਮਿਸੀਸਾਗਾ ਵਿਖੇ ਝਗੜੇ ਮਗਰੋਂ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਮੌਕੇ ’ਤੇ ਪੁੱਜੇ ਅਫਸਰਾਂ ਨੂੰ ਇਕ ਸ਼ਖਸ ਨਾਜ਼ੁਕ ਹਾਲਤ ਵਿਚ ਮਿਲਿਆ ਜਿਸ ਨੂੰ ਮੌਕੇ ’ਤੇ ਹੀ ਮ੍ਰਿਤਕ ਕਰਾਰ ਦੇ ਦਿਤਾ ਗਿਆ।
ਪੁਲਿਸ ਕੋਲ ਫਿਲਹਾਲ ਸ਼ੱਕੀ ਬਾਰੇ ਕੋਈ ਜਾਣਕਾਰੀ ਮੌਜੂਦ ਹਨ ਅਤੇ ਡਿਊਟੀ ਇੰਸਪੈਕਟਰ ਪੀਟਰ ਵੈਹਬੀ ਨੇ ਕਿਹਾ ਕਿ ਸੋਚੀ ਸਮਝੀ ਸਾਜ਼ਿਸ਼ ਤਹਿਤ ਵਾਰਦਾਤ ਨੂੰ ਅੰਜਾਮ ਦਿਤਾ ਗਿਆ। ਇਹ ਵਾਰਦਾਤ ਆਮ ਲੋਕਾਂ ਵਾਸਤੇ ਖਤਰਾ ਪੈਦਾ ਨਹੀਂ ਕਰਦੀ ਅਤੇ ਮੁਢਲੀ ਪੜਤਾਲ ਦੇ ਆਧਾਰ ’ਤੇ ਸਿਰਫ ਐਨਾ ਹੀ ਦੱਸਿਆ ਜਾ ਸਕਦਾ ਹੈ। ਪੁਲਿਸ ਦਾ ਮੰਨਣਾ ਹੈ ਕਿ ਬਹੁਮੰਜ਼ਿਲਾ ਇਮਾਰਤ ਦੀ ਪਾਰਕਿੰਗ ਵਿਚ ਜਾਣ ਵਾਲੇ ਲੋਕ ਕਿਰਾਏਦਾਰ ਜਾਂ ਵਿਜ਼ਟਰ ਹੀ ਹੋਣਗੇ ਜਿਸ ਦੇ ਮੱਦੇਨਜ਼ਰ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਫਰੋਲੀ ਜਾ ਰਹੀ ਹੈ।