ਅਭਿਨੇਤਰੀ ਸ਼ਿਲਪਾ ਸ਼ੈੱਟੀ ਅਤੇ ਉਸ ਦੇ ਪਤੀ ਰਾਜ ਕੁੰਦਰਾ ਖਿਲਾਫ਼ ਈਡੀ ਨੇ ਵੱਡੀ ਕਾਰਵਾਈ ਕੀਤੀ ਹੈ। ਇਹ ਕਾਰਵਾਈ ਮਨੀ ਲਾਂਡਰਿੰਗ ਮਾਮਲੇ ਵਿਚ ਕੀਤੀ ਗਈ ਹੈ। ਈਡੀ ਦੀ ਮੁੰਬਈ ਸ਼ਾਖਾ ਨੇ ਪੀਐਮਐਲਏ ਐਕਟ ਦੇ ਤਹਿਤ ਫ਼ਿਲਮ ਅਦਾਕਾਰਾ ਸ਼ਿਲਪਾ ਸ਼ੈਟੀ ਅਤੇ ਉਸ ਦੇ ਪਤੀ ਰਾਜ ਕੁੰਦਰਾ ਦੀ 97.79 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਈਡੀ ਦੇ ਸੂਤਰਾਂ ਮੁਤਾਬਕ ਜ਼ਬਤ ਕੀਤੀ ਗਈ ਜਾਇਦਾਦ ਵਿਚ ਜੁਹੂ ਸਥਿਤ ਇੱਕ ਬੰਗਲਾ ਵੀ ਸ਼ਾਮਲ ਹੈ, ਜੋ ਸ਼ਿਲਪਾ ਸ਼ੈੱਟੀ ਦੇ ਨਾਂ ‘ਤੇ ਹੈ। ਉਹਨਾਂ ਦਾ ਪੁਣੇ ਵਿਚ ਵੀ ਇੱਕ ਬੰਗਲਾ ਸ਼ਾਮਲ ਹੈ। ਇਸ ਤੋਂ ਇਲਾਵਾ ਈਡੀ ਨੇ ਰਾਜ ਕੁੰਦਰਾ ਦੇ ਨਾਂ ‘ਤੇ ਕੁਝ ਸ਼ੇਅਰ ਵੀ ਜ਼ਬਤ ਕੀਤੇ ਹਨ।ਈਡੀ ਨੇ ਮਹਾਰਾਸ਼ਟਰ ਵਿਚ ਦਰਜ ਵੱਖ-ਵੱਖ ਐਫਆਈਆਰਜ਼ ਦੇ ਆਧਾਰ ‘ਤੇ ਪੀਐਮਐਲਏ ਐਕਟ ਦੇ ਤਹਿਤ ਜਾਂਚ ਸ਼ੁਰੂ ਕੀਤੀ ਸੀ। ਇਲਜ਼ਾਮ ਸੀ ਕਿ ਮੈਸਰਜ਼ ਵੇਰੀਏਬਲ ਟੈਕ ਪ੍ਰਾਈਵੇਟ ਲਿਮਟਿਡ, ਮਰਹੂਮ ਅਮਿਤ ਭਾਰਦਵਾਜ, ਅਜੈ ਭਾਰਦਵਾਜ, ਵਿਵੇਕ ਭਾਰਦਵਾਜ, ਸਿੰਪੀ ਭਾਰਦਵਾਜ, ਮਹਿੰਦਰ ਭਾਰਦਵਾਜ ਅਤੇ ਹੋਰ ਐਮਐਲਐਮ ਏਜੰਟਾਂ ਨੇ ਝੂਠੇ ਵਾਅਦਿਆਂ ਦੇ ਅਧਾਰ ‘ਤੇ ਨਿਵੇਸ਼ਕਾਂ ਤੋਂ ਲਗਭਗ 6600 ਕਰੋੜ ਰੁਪਏ ਦੇ ਬਿਟਕੋਇਨ ਹਾਸਲ ਕੀਤੇ।