ਮੁਹਾਲੀ : ਪੰਜਾਬ ਦੇ ਪਟਿਆਲਾ ਜ਼ਿਲ੍ਹੇ ‘ਚ ਰਾਜਪੁਰਾ ਅਤੇ ਸ਼ੰਭੂ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਡੈਡੀਕੇਟਡ ਫ੍ਰੇਟ ਕੌਰੀਡੋਰ (ਮਾਲਗੱਡੀ ਟ੍ਰੈਕ) ‘ਤੇ 27 ਅਪ੍ਰੈਲ 2026 ਦੀ ਰਾਤ ਨੂੰ ਹੋਏ ਆਈਈਡੀ ਧਮਾਕੇ ਦੇ ਮਾਮਲੇ ਵਿੱਚ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਇਸ ਬਲਾਸਟ ਕੇਸ ਦੇ ਮੁੱਖ ਦੋਸ਼ੀ ਜਗਰੂਪ ਸਿੰਘ ਉਰਫ਼ ਜੂਪਾ (ਨਿਵਾਸੀ ਪੰਜਵਾਰ, ਜ਼ਿਲ੍ਹਾ ਤਰਨਤਾਰਨ) ਦੇ ਪਰਿਵਾਰਕ ਮੈਂਬਰਾਂ ਦੇ ਡੀਐੱਨਏ ਸੈਂਪਲ ਲੈਣ ਲਈ ਏਜੰਸੀ ਨੇ ਤਿਆਰੀ ਕੀਤੀ ਹੈ।

NIA ਨੇ ਹੁਣ ਇਸ ਮਾਮਲੇ ਦੇ ਮੁੱਖ ਮੁਲਜ਼ਮ ਜਗਰੂਪ ਸਿੰਘ ਉਰਫ਼ ਜੂਪਾ (ਵਾਸੀ ਤਰਨਤਾਰਨ) ਦੇ ਪਰਿਵਾਰਕ ਮੈਂਬਰਾਂ ਦੇ ਡੀਐੱਨਏ (DNA) ਨਮੂਨੇ ਲੈਣ ਦੀ ਪ੍ਰਕਿਰਿਆ ਆਰੰਭ ਦਿੱਤੀ ਹੈ। ਇਸ ਕਾਰਵਾਈ ਦਾ ਮੁੱਖ ਮੰਤਵ ਇਸ ਗੱਲ ਦੀ ਅਧਿਕਾਰਤ ਅਤੇ ਵਿਗਿਆਨਕ ਤੌਰ ‘ਤੇ ਪੁਸ਼ਟੀ ਕਰਨਾ ਹੈ ਕਿ ਘਟਨਾ ਵਾਲੀ ਥਾਂ ਤੋਂ ਮਿਲੀਆਂ ਮਨੁੱਖੀ ਅਸਥੀਆਂ ਅਤੇ ਖ਼ੂਨ ਦੇ ਨਿਸ਼ਾਨ ਅਸਲ ਵਿੱਚ ਜਗਰੂਪ ਸਿੰਘ ਦੇ ਹੀ ਸਨ ਜਾਂ ਨਹੀਂ। ਇਸ ਸਬੰਧ ਵਿੱਚ ਐੱਨਆਈਏ ਵੱਲੋਂ ਜਗਰੂਪ ਸਿੰਘ ਦੀ ਮਾਤਾ ਬਲਵਿੰਦਰ ਕੌਰ ਅਤੇ ਭਰਾ ਸਤਨਾਮ ਸਿੰਘ ਦੇ ਡੀਐੱਨਏ ਸੈਂਪਲ ਇਕੱਤਰ ਕਰਨ ਦੀ ਪ੍ਰਵਾਨਗੀ ਲੈਣ ਲਈ ਮੋਹਾਲੀ ਸਥਿਤ ਵਿਸ਼ੇਸ਼ ਐੱਨਆਈਏ ਅਦਾਲਤ ਵਿੱਚ ਰਸਮੀ ਅਰਜ਼ੀ ਦਾਇਰ ਕੀਤੀ ਗਈ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਸਤੰਬਰ ਮਹੀਨੇ ਦੇ ਪਹਿਲੇ ਹਫ਼ਤੇ ਦੌਰਾਨ ਇਸ ਅਰਜ਼ੀ ‘ਤੇ ਸੁਣਵਾਈ ਹੋਵੇਗੀ।

ਜਾਂਚ ਅਧਿਕਾਰੀਆਂ ਅਨੁਸਾਰ, ਜੇਕਰ ਡੀਐਨਏ ਮੈਚ ਹੋ ਜਾਂਦਾ ਹੈ ਤਾਂ ਜਗਰੂਪ ਸਿੰਘ ਵਿਰੁੱਧ ਚੱਲ ਰਹੇ ਕੇਸ ਨੂੰ ਬੰਦ ਕਰ ਦਿੱਤਾ ਜਾਵੇਗਾ ਪਰ ਜੇਕਰ ਡੀਐਨਏ ਮੈਚ ਨਹੀਂ ਹੁੰਦਾ ਤਾਂ ਜਾਂਚ ਨਵੇਂ ਸਿਰੇ ਤੋਂ ਸ਼ੁਰੂ ਕੀਤੀ ਜਾਵੇਗੀ।

ਇਸ ਮਾਮਲੇ ਵਿੱਚ ਅੱਤਵਾਦੀ ਸੰਗਠਨਾਂ ਅਤੇ ਪਾਕਿਸਤਾਨ ਦੀ ਗੁਪਤਚਰ ਏਜੰਸੀ ਆਈਐੱਸਆਈ ਦੀ ਭੂਮਿਕਾ ਵੀ ਸਾਹਮਣੇ ਆਈ ਹੈ। ਜਾਂਚ ‘ਚ ਖੁਲਾਸਾ ਹੋਇਆ ਹੈ ਕਿ ਮਲੇਸ਼ੀਆ ਅਤੇ ਪਾਕਿਸਤਾਨ ‘ਚ ਬੈਠੇ ਅੱਤਵਾਦੀ ਇਸ ਸਾਜ਼ਿਸ਼ ‘ਚ ਸ਼ਾਮਲ ਸਨ। ਇਸੇ ਦੇ ਆਧਾਰ ‘ਤੇ ਮਲੇਸ਼ੀਆ ਤੋਂ ਡਿਪੋਰਟ ਕੀਤੇ ਗਏ ਦੋ ਦੋਸ਼ੀਆਂ ਮਨਜੀਤ ਸਿੰਘ (ਘਨੌਰ) ਅਤੇ ਗੁਰਵਿੰਦਰ ਸਿੰਘ (ਅੰਬਾਲਾ) ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।