ਤੇਹਰਾਨ : ਅਮਰੀਕਾ ਅਤੇ ਈਰਾਨ ਵਿਚਾਲੇ ਜਾਰੀ ਕੂਟਨੀਤਕ ਗੱਲਬਾਤ ਦਾ ਅਗਲਾ ਦੌਰ ਪਾਕਿਸਤਾਨ ਵਿੱਚ ਹੋਣ ਦੀ ਸੰਭਾਵਨਾ ਹੈ। ਈਰਾਨੀ ਸੂਤਰਾਂ ਮੁਤਾਬਕ, ਦੋਵਾਂ ਦੇਸ਼ਾਂ ਦੇ ਪ੍ਰਤੀਨਿਧੀ ਮੰਡਲ ਇਸ ਹਫ਼ਤੇ ਪਾਕਿਸਤਾਨ ਪਹੁੰਚ ਸਕਦੇ ਹਨ ਅਤੇ ਸੋਮਵਾਰ ਨੂੰ ਰਸਮੀ ਗੱਲਬਾਤ ਇਸਲਾਮਾਬਾਦ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ। ਹਾਲਾਂਕਿ, ਅਮਰੀਕਾ ਵੱਲੋਂ ਅਜੇ ਤੱਕ ਇਸ ਬੈਠਕ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਗੱਲਬਾਤ ਦੇ ਅਗਲੇ ਪੜਾਅ ਲਈ ਕਾਫੀ ਉਮੀਦਾਂ ਕੀਤੀਆਂ ਜਾ ਰਹੀਆਂ ਹਨ ਪਰ ਦੋਵਾਂ ਧਿਰਾਂ ਵਿਚਕਾਰ ਮਤਭੇਦ ਅਜੇ ਵੀ ਕਾਇਮ ਹਨ। ਜਿੱਥੇ ਇੱਕ ਪਾਸੇ ਈਰਾਨ ਨੇ ਸਟ੍ਰੇਟ ਆਫ ਹੋਰਮੁਜ਼ ਨੂੰ ਸਾਰੇ ਵਪਾਰਕ ਜਹਾਜ਼ਾਂ ਲਈ ਪੂਰੀ ਤਰ੍ਹਾਂ ਖੋਲ੍ਹਣ ਦਾ ਐਲਾਨ ਕੀਤਾ ਹੈ, ਉੱਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਜਦੋਂ ਤੱਕ ਈਰਾਨ ਖ਼ਿਲਾਫ਼ 100 ਫੀਸਦੀ ਡੀਲ ਨਹੀਂ ਹੋ ਜਾਂਦੀ, ਉਦੋਂ ਤੱਕ ਹੋਰਮੁਜ਼ ਵਿੱਚ ਅਮਰੀਕੀ ਜਲ ਸੈਨਾ ਦੀ ਨਾਕਾਬੰਦੀ ਪੂਰੀ ਤਰ੍ਹਾਂ ਲਾਗੂ ਰਹੇਗੀ।

ਇਹ ਗੱਲਬਾਤ ਅਜਿਹੇ ਸਮੇਂ ਹੋ ਰਹੀ ਹੈ, ਜਦੋਂ ਪੂਰੇ ਖੇਤਰ ਵਿੱਚ ਜੰਗ ਨੂੰ ਰੋਕਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਦੌਰਾਨ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਅਤੇ ਤੁਰਕੀ ਦੇ ਰਾਸ਼ਟਰਪਤੀ ਰੇਚੇਪ ਤੈਯਪ ਏਰਦੋਗਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨਾਲ ਮੁਲਾਕਾਤ ਕੀਤੀ। ਇਸ ਬੈਠਕ ਵਿੱਚ ਖੇਤਰ ਵਿੱਚ ਸ਼ਾਂਤੀ ਸਥਾਪਿਤ ਕਰਨ ਅਤੇ ਗੱਲਬਾਤ ਰਾਹੀਂ ਹੱਲ ਕੱਢਣ ‘ਤੇ ਜ਼ੋਰ ਦਿੱਤਾ ਗਿਆ। ਕਤਰ ਅਤੇ ਤੁਰਕੀ ਨੇ ਇਸ ਦਿਸ਼ਾ ਵਿੱਚ ਪਾਕਿਸਤਾਨ ਦੀ ਭੂਮਿਕਾ ਦੀ ਸ਼ਲਾਘਾ ਵੀ ਕੀਤੀ ਹੈ।

ਦੱਸਣਯੋਗ ਹੈ ਕਿ ਇਸ ਹਫ਼ਤੇ ਵੀਰਵਾਰ ਨੂੰ ਪਾਕਿਸਤਾਨੀ ਫੌਜ ਮੁਖੀ ਜਨਰਲ ਅਸੀਮ ਮੁਨੀਰ ਨੇ ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਗਾਲਿਬਾਫ ਨਾਲ ਤਹਿਰਾਨ ਵਿੱਚ ਮੁਲਾਕਾਤ ਕੀਤੀ ਸੀ । ਜਨਰਲ ਮੁਨੀਰ ਬੀਤੇ ਬੁੱਧਵਾਰ ਨੂੰ ਤਹਿਰਾਨ ਪਹੁੰਚੇ ਸਨ, ਜਿੱਥੇ ਉਨ੍ਹਾਂ ਦਾ ਸਵਾਗਤ ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਕੀਤਾ ਸੀ। ਇਸ ਫੇਰੀ ਦਾ ਉਦੇਸ਼ ਅਗਲੇ ਦੌਰ ਦੀ ਗੱਲਬਾਤ ਲਈ ਰੋਡ ਮੈਪ ਤਿਆਰ ਕਰਨਾ ਸੀ। ਇਸ ਤੋਂ ਪਹਿਲਾਂ, 11-12 ਅਪ੍ਰੈਲ ਨੂੰ ਇਸਲਾਮਾਬਾਦ ਵਿੱਚ ਅਮਰੀਕਾ ਅਤੇ ਈਰਾਨ ਵਿਚਕਾਰ ਸ਼ਾਂਤੀ ਵਾਰਤਾ ਬੇਸਿੱਟਾ ਰਹੀ ਸੀ।