ਪੰਜਾਬ ਦੇ ਸਕੂਲਾਂ ਵਿੱਚ ਅਪ੍ਰੈਲ ਤੋਂ ਸ਼ੁਰੂ ਹੋ ਰਹੇ ਨਵੇਂ ਸੈਸ਼ਨ ਲਈ ਸਿੱਖਿਆ ਵਿਭਾਗ ਨੇ ਵੱਲੋਂ ਇਸ ਵਾਰ ਵੱਡੇ ਪੱਧਰ ‘ਤੇ ਤਿਆਰੀ ਕੀਤੀ ਗਈ ਹੈ। ਸਕੂਲ ਵਿੱਚ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ ਇਸਦੇ ਲਈ ਸਾਰੇ ਸਕੂਲਾਂ ਵਿੱਚ ਕਿਤਾਬਾਂ ਪਹੁੰਚਾਉਣ ਦਾ ਕੰਮ ਆਖਰੀ ਪੜਾਅ ’ਤੇ ਪਹੁੰਚ ਗਿਆ ਹੈ । ਉੱਥੇ ਹੀ 28 ਮਾਰਚ ਨੂੰ ਸੂਬੇ ਦੇ 19 ਹਜ਼ਾਰ ਸਕੂਲਾਂ ਵਿੱਚ ਮੈਗਾ PTM ਹੋਵੇਗੀ, ਜਦਕਿ ਸੂਬੇ ਵਿੱਚ 1 ਅਪ੍ਰੈਲ ਤੋਂ ਸਕੂਲਾਂ ਦਾ ਸਮਾਂ ਬਦਲ ਜਾਵੇਗਾ। ਸਿੱਖਿਆ ਵਿਭਾਗ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵਿੱਚ 26 ਫਰਵਰੀ ਤੋਂ ਲੈ ਕੇ 15 ਮਾਰਚ ਤੱਕ ਹੋਣ ਵਾਲੀਆਂ ਗੈਰ-ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ ਮੁਕੰਮਲ ਹੋ ਚੁੱਕੀਆਂ ਹਨ। ਦੱਸ ਦੇਈਏ ਕਿ ਸਿੱਖਿਆ ਵਿਭਾਗ ਵੱਲੋਂ ਸਾਰੇ ਸਕੂਲਾਂ ਨੂੰ 20 ਮਾਰਚ ਤੱਕ ਨਤੀਜੇ ਤਿਆਰ ਕਰਨ ਲਈ ਕਿਹਾ ਗਿਆ ਹੈ । ਇਸ ਦੇ ਨਾਲ ਹੀ ਹੁਣ 28 ਮਾਰਚ ਨੂੰ ਮੈਗਾ PTM ਰੱਖੀ ਗਈ ਹੈ। PTM ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ । ਮਾਪੇ ਆਪਣੇ ਬੱਚਿਆਂ ਦੇ ਨਾਲ ਸਕੂਲਾਂ ਦੇ ਵਿੱਚ ਮੌਜੂਦ ਹੋਣਗੇ। ਇਸਦੇ ਇਲਾਵਾ ਸਾਰੇ ਜ਼ਿਲ੍ਹਿਆਂ ਵਿੱਚ ਨੋਡਲ ਅਫ਼ਸਰ ਵੀ ਨਿਯੁਕਤ ਕੀਤੇ ਗਏ ਹਨ।
ਦੱਸ ਦੇਈਏ ਕਿ ਸਿੱਖਿਆ ਵਿਭਾਗ ਮੁਤਾਬਕ 1 ਅਪ੍ਰੈਲ 2024 ਤੋਂ ਸਕੂਲਾਂ ਦਾ ਸਮਾਂ ਵੀ ਬਦਲ ਜਾਵੇਗਾ । ਸਿੱਖਿਆ ਵਿਭਾਗ ਦੇ ਅਕਾਦਮਿਕ ਕੈਲੰਡਰ ਅਨੁਸਾਰ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ, ਜਦੋਂ ਕਿ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਵੀ 8 ਤੋਂ 2 ਵਜੇ ਤੱਕ ਹੋਵੇਗਾ । ਸਤੰਬਰ ਮਹੀਨੇ ਤੱਕ ਇਹ ਸਥਿਤੀ ਬਣੀ ਰਹੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2.30 ਵਜੇ ਤੱਕ ਸੀ, ਜਦਕਿ ਗਰੁੱਪ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਦਾ ਸਮਾਂ ਸਵੇਰੇ 8.30 ਤੋਂ ਦੁਪਹਿਰ 2.50 ਵਜੇ ਤੱਕ ਸੀ।