ਟੋਰਾਂਟੋ, (ਬਲਜਿੰਦਰ ਸੇਖਾ)- ਕੈਨੇਡਾ ਵਿੱਚ ਲੇਬਰ ਮਾਰਕਿਟ ਇੰਪੈਕਟ ਅਸੈੱਸਮੈਂਟ (ਐੱਲ.ਐੱਮ.ਆਈ.ਏ) ਦੀਆਂ ਸੌਦੇਬਾਜੀਆਂ (ਸੰਗਠਿਤ ਅਪਰਾਧ) ਰੋਕਣ ਲਈ ਕੈਨੇਡਾ ਸਰਕਾਰ ਨੂੰ ਆਪਣਾ ਨੁਕਸਦਾਰ ਸਿਸਟਮ ਠੀਕ ਕਰਨ ਵਾਸਤੇ ਬਰੈਂਪਟਨ ਤੋਂ ਉੱਘੇ ਪੱਤਰਕਾਰ ਸਤਪਾਲ ਸਿੰਘ ਜੌਹਲ ਨੇ 2016 ਤੋਂ, ਭਾਵ ਬੀਤੇ 8 ਕੁ ਸਾਲ ਲਗਾਤਾਰ ਜੱਦੋਜਹਿਦ ਜਾਰੀ ਰੱਖੀ। ਆਖਿਰ ਦੇਸ਼ ਦੇ ਰੋਜ਼ਗਾਰ ਮੰਤਰੀ ਰੈਂਡੀ ਬੋਏਸੋਨਾਲਟ ਨੇ ਬੀਤੀ 6 ਅਗਸਤ ਨੂੰ ਜੰਤਕ ਬਿਆਨ ਦੇ ਕੇ ਮੰਨਿਆ ਕਿ ਭ੍ਰਿਸ਼ਟਾਚਾਰੀ ਟੈਂਪਰੇਰੀ ਫਾਰਨ ਵਰਕਰਜ਼ ਪ੍ਰੋਗਰਾਮ ਦਾ ਦੁਰਉਪਯੋਗ ਕਰਦੇ ਰਹੇ ਜਿਸ ਕਰਕੇ ਸਿਸਟਮ ਨੂੰ ਦਰੁੱਸਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਕੁਝ ਸਖਤੀਆਂ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ। ਸਤਪਾਲ ਸਿੰਘ ਜੌਹਲ ਨੇ ਦੱਸਿਆ ਕਿ ਹੈਰਾਨੀ ਇਸ ਗੱਲ ਦੀ ਰਹੀ ਹੈ ਕਿ ਸਰਕਾਰ ਦੇ ਐੱਲ.ਐੱਮ.ਆਈ.ਏ. ਸਿਸਟਮ ਨਾਲ਼ ਘਪਲੇਬਾਜੀਆਂ ਕਰਕੇ ਦੇਸ਼ ਅਤੇ ਵਿਦੇਸ਼ਾਂ ਵਿੱਚ ਲੋੜਵੰਦਾਂ ਦੀ ਲੁੱਟ ਬੀਤੇ ਸਾਲਾਂ ਦੌਰਾਨ ਚੱਲਦੀ ਰਹੀ, ਤੇ ਇਸ ਅੰਨ੍ਹੀ ਲੁੱਟ ਬਾਰੇ ‘ਬੱਚੇ ਬੱਚੇ ਨੂੰ ਪਤਾ’ ਵਾਲੀ ਗੱਲ ਸੀ ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਤ ਸਰਕਾਰ ਦੇ ਮੰਤਰਾਲੇ ਨੂੰ ਇਸ ਬਾਰੇ ਮਨਾਉਣ ਲਈ 8 ਸਾਲਾਂ ਦਾ ਸਮਾਂ ਲੱਗ ਗਿਆ। ਸ. ਜੌਹਲ ਨੇ ਕਿਹਾ ਕਿ ਜਦੋ-ਜਹਿਦ ਦੇ ਦੌਰ ਦੌਰਾਨ ਲਿਬਰਲ ਮੰਤਰੀਆਂ, ਅਤੇ ਮੈਂਬਰ ਪਾਰਲੀਮੈਂਟਾਂ ਦੀ ਸਿਫਤ ਇਹ ਰਹੀ ਕਿ ਉਨ੍ਹਾਂ ਨੇ ਇਸ ਵਰਤਾਰੇ ਨੂੰ ਕਦੇ ਛੋਟਾ ਮੁੱਦਾ ਨਹੀਂ ਦੱਸਿਆ ਸੀ ਪਰ ਉਨ੍ਹਾਂ ਦੀ ਸਰਕਾਰ ਸਿਸਟਮ ਦੇ ਨੁਕਸ ਠੀਕ ਕਰਨ ਵਿੱਚ ਅਸਫਲ ਰਹਿ ਰਹੀ ਸੀ। ਸ੍ਰੀ ਟਰੂਡੋ ਦੇ ਦਫਤਰ ਤੋਂ ਵੀ ਸ. ਜੌਹਲ ਨੂੰ ਤਸੱਲੀ ਰੱਖਣ ਵਾਲੇ ਜਵਾਬ ਆਉਂਦੇ ਰਹੇ। ਰੋਜ਼ਗਾਰ ਮੰਤਰੀ ਦੇ 6 ਅਗਸਤ ਵਾਲੇ ਬਿਆਨ ਦੀ ਸ਼ਬਦਾਵਲੀ ਤੋਂ ਸਪੱਸ਼ਟ ਹੈ ਕਿ ਇਹ ਮਸਲਾ ਵੱਡਾ ਸੀ ਅਤੇ ਹੈ। ਵਿਰੋਧੀ ਧਿਰ, ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਏਲਿਵ੍ਰ ਨੇ ਐੱਲ.ਐੱਮ.ਆਈ.ਏ. ਦੀ ਇਸ ‘ਕੁੱਕੜਖੋਹ’ ਨੂੰ ਗੰਭੀਰ ਤਾਂ ਮੁੱਦਾ ਮੰਨਿਆ ਪਰ ਤੁਰੰਤ ਕੁਝ ਅਸਰਦਾਰ ਕਰਨ ਤੋਂ ਆਨਾਕਾਨੀ ਕੀਤੀ। ਸ. ਜੌਹਲ ਨੇ ਦੱਸਿਆ ਕਿ ਜਦੋਂ ਮੈਂ ਸ੍ਰੀ ਪੋਏਲਿਵ੍ਰ ਨੂੰ ਲਿਖਤੀ ਤੌਰ `ਤੇ ਐੱਲ.ਐੱਮ.ਆਈ.ਏ. ਕੁਰੱਪਸ਼ਨ ਬਾਰੇ ਹਾਊਸ ਆਫ ਕਾਮਨਜ਼ ਵਿੱਚ ਬੋਲਣ ਜਾਂ ਟਰੂਡੋ ਸਰਕਾਰ ਦੇ ਮੰਤਰੀਆਂ ਕੋਲ਼ ਉਠਾਉਣ ਬਾਰੇ ਕਿਹਾ ਤਾਂ ਸ੍ਰੀ ਪੋਏਲਿਵ੍ਰ ਨੇ ਜਵਾਬ ਦਿੱਤਾ ਕਿ ਉਹ ਆਪ ਪ੍ਰਧਾਨ ਮੰਤਰੀ ਬਣ ਕੇ ਇਸ ਵਿਗੜੇ ਹੋਏ ਸਿਸਟਮ ਨੂੰ ਠੀਕ ਕਰਨਗੇ। ਸ. ਜੌਹਲ ਨੇ ਕਿਹਾ ਕਿ ਇਮੀਗ੍ਰੇਸ਼ਨ ਕੰਸਲਟੈਂਟ ਅਤੇ ਵਕੀਲਾਂ ਦੇ ਭਾਈਚਾਰਿਆਂ `ਚ ਐੱਲ.ਐੱਮ.ਆਈ.ਏ. ਰਾਹੀਂ ਦੇਸ਼ ਵਿੱਚ ਹੋ ਰਹੀ ਲੁੱਟਖਸੁੱਟ ਬਾਰੇ ਦੜਵੱਟ ਚੁੱਪ ਵੀ ਸਾਲੋਸਾਲ ਬਹੁਤ ਰੜਕਦੀ ਰਹੀ ਕਿਉਂਕਿ ਜੇਕਰ ਇਸ ਕੁਰੱਪਸ਼ਨ ਵਿੱਚ ਥੋੜ੍ਹੇ ਵਿਅਕਤੀ ਸ਼ਾਮਿਲ ਸਨ/ਹਨ ਤਾਂ ਚੰਗੇ ਭਾਵ ਇਮਾਨਦਾਰੀ ਕਾਨੂੰਨੀ ਮਾਹਿਰਾਂ ਨੂੰ ਆਪਣਾ ਕਿੱਤਾ ਬਦਨਾਮ ਹੁੰਦਾ ਦੇਖ ਕੇ ਬੋਲਣਾ ਚਾਹੀਦਾ ਸੀ। ਸਤਪਾਲ ਸਿੰਘ ਜੌਹਲ ਨੇ ਦੱਸਿਆ ਕਿ ਕੈਨੇਡਾ `ਚ ਐੱਲ.ਐੱਮ.ਆਈ.ਏ. ਕੋਹੜ ਰਾਹੀਂ ਲੋੜਵੰਦਾਂ ਦੀ ਲੁੱਟ ਰੋਕਣ ਵਾਸਤੇ ਮੇਰੀ ਆਪਣੀ ਲੰਬੀ ਮੁਹਿੰਮ ਦੌਰਾਨ ਇਕੱਲਤਾ ਮਹਿਸੂਸ ਹੁੰਦੀ ਰਹੀ ਤੇ ‘ਅੱਗ ਬੁਝਾਉਣ ਵਿੱਚ’ ਸੱਚਮੁੱਚ ਸਾਥ ਦੇਣ ਵਾਲੇ ਕੁਝ ਆਮ ਸ਼ਹਿਰੀ (ਪਰ ਬਹੁਤ ਘੱਟ) ਪਿਛਲੇ ਸਾਲ ਮਸਾਂ ਮਿਲਣੇ ਸ਼ੁਰੂ ਹੋਏ ਸਨ। ਜਿਕਰਯੋਗ ਹੈ ਕਿ ਇਸ ਮੌਕੇ ਤੇ ਕੈਨੇਡਾ ਭਰ ਵਿੱਚੋਂ ਕਈ ਸਮਾਜਿਕ, ਤੇ ਰਾਜਨੀਤਕ ਆਗੂਆਂ ਵਲੋਂ ਸਤਪਾਲ ਸਿੰਘ ਜੌਹਲ ਨੂੰ ਆਪਣਾ ਸਿਰੜ ਕਾਇਮ ਰੱਖਣ ਲਈ ਧੰਨਵਾਦ ਦੇ ਸੰਦੇਸ਼ ਭੇਜੇ ਗਏ ਹਨ ਜਿਨ੍ਹਾਂ ਵਿੱਚ ਸਾਬਕਾ ਮੰਤਰੀ ਨਵਦੀਪ ਸਿੰਘ ਬੈਂਸ ਵੀ ਸ਼ਮਿਲ ਹੋਏ ਹਨ।