ਇਕੱਲਾ ਬੰਦਾ ਵੀ ਵੱਡਾ ਫਰਕ ਪਾ ਸਕਦਾ, ਕਿਹਾ ਸਤਪਾਲ ਸਿੰਘ ਜੌਹਲ ਨੇ
ਟੋਰਾਂਟੋ, (ਬਲਜਿੰਦਰ ਸੇਖਾ) -ਕੈਨੇਡਾ ਭਰ ਵਿੱਚ ਵਰਕ ਪਰਮਿਟ ਵਾਸਤੇ ਲੋੜੀਂਦੀ ਸਰਕਾਰੀ ਇਜਾਜ਼ਤ, LMIA ਦੀ ਵਿੱਕਰੀ ਦਾ ਗੈਰਕਾਨੂੰਨੀ ਧੰਦਾ ਬੀਤੇ ਕਈ ਸਾਲਾਂ ਤੋਂ ਬਦਨਾਮ ਹੈ ਜਿਸ ਵਿਰੁੱਧ ਉੱਘੇ ਪੱਤਰਕਾਰ ਸਤਪਾਲ ਸਿੰਘ ਜੌਹਲ ਨੇ 2016 ਤੋਂ ਲਗਾਤਾਰ ਆਵਾਜ ਉਠਾਈ ਅਤੇ ਕੈਨੇਡਾ ਸਰਕਾਰ ਨੂੰ ਆਪਣਾ ਨੁਕਸਦਾਰ ਸਿਸਟਮ ਠੀਕ ਕਰਨ ਲਈ ਸੁਚੇਤ ਕੀਤਾ। ਮੌਜੂਦਾ ਸਰਕਾਰ ਦੇ ਮੰਤਰੀਆਂ ਅਤੇ ਪਾਰਲੀਮੈਂਟ ਮੈਂਬਰਾਂ ਨਾਲ਼ 5 ਸਾਲਾਂ ਦੀ ਗੱਲਬਾਤ ਤੋਂ ਬਾਅਦ ਵੀ ਸਿਸਟਮ ਠੀਕ ਨਾ ਹੋਣ ਕਰਕੇ 2021 ਵਿੱਚ ਸਤਪਾਲ ਸਿੰਘ ਜੌਹਲ ਨੇ ਇਸ ਬਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਸਿੱਧਾ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਸਥਿਤੀ ਤੋਂ ਜਾਣੂ ਕਰਵਾਇਆ। ਇਹ ਵੀ ਸਤਪਾਲ ਸਿੰਘ ਜੌਹਲ ਵਲੋਂ ਬੀਤੇ ਸਾਲਾਂ ਦੌਰਾਨ ਦੇਸ਼ `ਚ ਮੌਕੇ ਦੇ ਇਮੀਗ੍ਰੇਸ਼ਨ ਮੰਤਰੀਆਂ ਤੇ ਰੁਜ਼ਗਾਰ ਮੰਤਰਾਲੇ ਨਾਲ ਵੀ ਇਸ ਬਾਰੇ ਲਗਾਤਾਰ ਚਿੱਠੀ-ਪੱਤਰ ਕੀਤਾ ਜਾਂਦਾ ਰਿਹਾ। ਉਨ੍ਹਾਂ ਵਲੋਂ ਸ੍ਰੀ ਟਰੂਡੋ ਨੂੰ ਬੀਤੀ 17 ਜੁਲਾਈ ਨੂੰ ਵੀ ਇਕ ਯਾਦਪੱਤਰ ਭੇਜਿਆ ਗਿਆ ਸੀ ਜਿਸ ਤੋਂ ਬਾਅਦ ਰੁਜ਼ਗਾਰ ਮੰਤਰਾਲੇ ਦੇ ਟੈਂਪਰੇਰੀ ਫਾਰਨ ਵਰਕਰਜ਼ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਬੀਤੀ 2 ਅਗਸਤ ਨੂੰ ਜਵਾਬ ਲਿਖ ਕੇ ਸ. ਜੌਹਲ ਨੂੰ ਭਰੋਸਾ ਦਿਵਾਇਆ ਕਿ LMIA ਸਿਸਟਮ ਦੀ ਦੁਰਵਰਤੋਂ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ ਅਤੇ ਸਿਸਟਮ ਵਿੱਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਵਿੱਚ ਟਰੱਕ ਕੰਪਨੀਆਂ ਵਾਸਤੇ LMIA ਦੇ ਗਿਣਤੀ ਨੂੰ ਨਿਯਮਤ ਕਰਨਾ ਸ਼ਾਮਿਲ ਹੈ। ਇਸੇ ਦੌਰਾਨ ਬੀਤੀ 6 ਅਗਸਤ ਨੂੰ ਰੋਜ਼ਗਾਰ ਮੰਤਰੀ ਰੈਂਡੀ ਬੋਸਨਾਲਟ ਨੇ ਆਪਣੇ ਐਲਾਨ ਵਿੱਚ LMIA ਦੀ ਵੱਡੇ ਪੱਧਰ `ਤੇ ਹੋ ਰਹੀ ਦੁਰਵਰਤੋਂ ਨੂੰ ਮੰਨਿਆ ਅਤੇ ਕਿਹਾ ਕਿ ਸਰਕਾਰ ਆਪਣਾ ਸਿਸਟਮ ਠੀਕ ਕਰ ਰਹੀ ਹੈ ਅਤੇ ਇਸ ਧੋਖਾਦੜੀ ਨੂੰ ਬੰਦ ਕੀਤਾ ਜਾਵੇਗਾ। ਸਤਪਾਲ ਸਿੰਘ ਜੌਹਲ ਵਲੋਂ ਵਿਦੇਸ਼ਾਂ ਤੋਂ ਨਵੇਂ ਆ ਰਹੇ ਲੋਕਾਂ ਦੀ ਕੈਨੇਡਾ ਵਿੱਚ ਹੁੰਦੀ ਇਸ ਲੁੱਟ ਵਿਰੁੱਧ ਬੀਤੇ 8 ਸਾਲ ਝੰਡਾ ਬੁਲੰਦ ਰੱਖਿਆ ਅਤੇ ਆਖਿਰ ਸਰਕਾਰ ਨੇ ਅਸਰ ਕੀਤਾ ਹੈ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੱਸਿਆ ਕਿ ਲੋਕਹਿੱਤ ਵਿੱਚ ਸਹੀ ਦਿਸ਼ਾ ਵਿੱਚ ਯਤਨ ਕਰਦਿਆਂ ਇਕੱਲਾ ਬੰਦਾ ਵੀ ਵੱਡਾ ਫਰਕ ਪਾ ਸਕਦਾ ਹੈ ਅਤੇ ਸਮੱਸਿਆਵਾਂ ਹੱਲ ਕਰਨ ਲਈ ਜਾਰੀ ਰੱਖੇ ਜਾਂਦੇ ਆਪਣੇ ਯਤਨਾਂ ਦੇ ਚੰਗੇ ਸਿੱਟੇ ਸਮੇਂ ਸਮੇਂ `ਤੇ ਸਾਹਮਣੇ ਆਉਂਦੇ ਰਹਿੰਦੇ ਹਨ।