ਟੋਰਾਂਟੋ : ਕੈਨੇਡਾ ਪੱਧਰੀ ਵਾਰੰਟਾਂ ਅਧੀਨ ਲੋੜੀਂਦਾ ਜਗਮੋਹਨਜੀਤ ਝੀਤੀ ਪੀਲ ਰੀਜਨ ਵਿਚ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ ਜੋ ਹਥਿਆਰਬੰਦ ਅਤੇ ਖਤਰਨਾਕ ਦੱਸਿਆ ਜਾ ਰਿਹਾ ਹੈ। ਪੀਲ ਰੀਜਨਲ ਪੁਲਿਸ ਮੁਤਾਬਕ ਸਸਕੈਚਵਨ ਨਾਲ ਸਬੰਧਤ 47 ਸਾਲਾ ਜਗਮੋਹਨਜੀਤ ਵਿਰੁੱਧ ਜੀਵਨ ਸਾਥੀ ਨਾਲ ਹਿੰਸਾ ਅਤੇ ਹਥਿਆਰਾਂ ਨਾਲ ਸਬੰਧਤ ਕਈ ਦੋਸ਼ ਲੱਗ ਚੁੱਕੇ ਹਨ। ਦੂਜੇ ਪਾਸੇ ਗਰੇਟਰ ਟੋਰਾਂਟੋ ਏਰੀਆ ਵਿਚ ਹਿੰਸਕ ਵੀਕਐਂਡ ਦੌਰਾਨ ਘੱਟੋ ਘੱਟ 5 ਥਾਵਾਂ ’ਤੇ ਗੋਲੀਬਾਰੀ ਅਤੇ ਛੁਰੇਬਾਜ਼ੀ ਹੋਣ ਦੀ ਰਿਪੋਰਟ ਹੈ। ਸਿਰਫ ਐਨਾ ਹੀ ਨਹੀਂ ਉਨਟਾਰੀਓ ਦੇ ਵੁੱਡਸਟੌਕ ਵਿਖੇ ਘਰੇਲੂ ਹਿੰਸਾ ਦਾ ਮਾਮਲਾ ਪੰਜਾਬੀ ਪਰਵਾਰ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ ਪਰ ਇਸ ਗੱਲ ਦੀ ਤਸਦੀਕ ਨਹੀਂ ਕੀਤੀ ਜਾ ਸਕੀ। ਦੱਸ ਦੇਈਏ ਕਿ ਵੁਡਸਟੌਕ ਵਿਖੇ ਇਕ ਘਰ ਵਿਚ ਗੋਲੀਆਂ ਚੱਲੀਆਂ ਅਤੇ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਇਕ ਪੁਰਸ਼ ਨੇ ਔਰਤ ਨੂੰ ਗੋਲੀਆਂ ਮਾਰਨ ਮਗਰੋਂ ਖੁਦ ਨੂੰ ਗੋਲੀ ਮਾਰ ਲਈ।

ਜੀ.ਟੀ.ਏ. ਵਿਚ ਹਿੰਸਕ ਵੀਕਐਂਡ ਦੌਰਾਨ ਔਰਤ ਸਣੇ 2 ਜਣਿਆਂ ਦੀ ਮੌਤ

ਪੁਰਸ਼ ਦੀ ਮੌਤ ਹੋ ਚੁੱਕੀ ਹੈ ਜਦਕਿ ਔਰਤ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਦੂਜੇ ਪਾਸੇ ਸਸਕੈਚਵਨ ਨਾਲ ਸਬੰਧਤ ਜਗਮੋਹਨਜੀਤ ਝੀਤੀ ਦੇ ਮਾਮਲੇ ਵਿਚ ਪੁਲਿਸ ਨੇ ਲੋਕਾਂ ਨੂੰ ਸੁਚੇਤ ਰਹਿਣ ਦਾ ਸੁਝਾਅ ਦਿਤਾ ਹੈ। ਜਗਮੋਹਨਜੀਤ ਵਿਰੁੱਧ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਅਤੇ ਜੀਵਨ ਸਾਥੀ ਨਾਲ ਹਿੰਸਾ ਦੇ ਮਾਮਲੇ ਵਿਚ ਪ੍ਰੋਬੇਸ਼ਨ ਦੀ ਪਾਲਣਾ ਨਾ ਕਰਨ ਸਣੇ ਹਥਿਆਰਾਂ ਨਾਲ ਸਬੰਧਤ ਕਈ ਦੋਸ਼ ਆਇਦ ਕੀਤਾ ਜਾ ਚੁੱਕੇ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੂੰ ਜਗਮੋਹਨਜੀਤ ਨਜ਼ਰ ਆਵੇ ਤਾਂ ਉਸ ਤੋਂ ਦੂਰ ਰਹਿੰਦਿਆਂ 911 ’ਤੇ ਕਾਲ ਕੀਤੀ ਜਾਵੇ। ਪੁਲਿਸ ਵੱਲੋਂ ਜਗਮੋਹਨਜੀਤ ਨੂੰ ਵੀ ਸੁਝਾਅ ਦਿਤਾ ਗਿਆ ਹੈ ਕਿ ਉਹ ਵਕੀਲ ਦੀ ਮਦਦ ਨਾਲ ਆਤਮ ਸਮਰਪਣ ਕਰ ਦੇਵੇ। ਇਸੇ ਦੌਰਾਨ ਗਰੇਟਰ ਟੋਰਾਂਟੋ ਏਰੀਆ ਵਿਚ ਵੀਕਐਂਡ ਬੇਹੱਦ ਹਿੰਸਕ ਰਿਹਾ ਅਤੇ ਗੋਲੀਬਾਰੀ ਤੇ ਛੁਰੇਬਾਜ਼ੀ ਦੀਆਂ ਵਾਰਦਾਤਾਂ ਦੌਰਾਨ ਕਈ ਜਣੇ ਮਾਰੇ ਗਏ। ਨੌਰਥ ਯਾਰਕ ਵਿਖੇ ਬਾਸਕਟਬਾਲ ਖੇਡ ਰਹੇ ਨੌਜਵਾਨਾਂ ’ਤੇ ਗੋਲੀਆਂ ਚੱਲਣ ਦੀ ਰਿਪੋਰਟ ਵੀ ਹੈ। ਉਧਰ ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਮਿਸੀਸਾਗਾ ਵਿਖੇ ਕਾਰਜੈਕਿੰਗ ਦੀਆਂ ਵਾਰਦਾਤਾਂ ਦੇ ਮਾਮਲੇ ਵਿਚ 14 ਸਾਲ ਦੇ ਅੱਲ੍ਹੜ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਹਿਲੀ ਵਾਰਦਾਤ ਬੁੱਧਵਾਰ ਨੂੰ ਹਾਰਟਲੈਂਡ ਟਾਊਨ ਸੈਂਟਰ ਵਿਚ ਸਾਹਮਣੇ ਆਈ ਜਿਥੇ ਇਕ ਔਰਤ ਆਪਣੇ ਬੱਚੇ ਨੂੰ ਗੱਡੀ ਵਿਚ ਬਿਠਾ ਕੇ ਸਮਾਨ ਰੱਖ ਰਹੀ ਸੀ ਕਿ ਦੋ ਨਕਾਬਪੋਸ਼ ਉਥੇ ਆਏ ਅਤੇ ਗੱਡੀਆਂ ਦੀਆਂ ਚਾਬੀਆਂ ਮੰਗਣ ਲੱਗੇ। ਦੂਜੀ ਵਾਰਦਾਤ ਵੀਰਵਾਰ ਨੂੰ ਪੈਪਰ ਮਿਲ ਕੋਰਟ ਦੇ ਜਿੰਮ ਦੀ ਪਾਰਕਿੰਗ ਵਿਚ ਸਾਹਮਣੇ ਆਈ ਜਿਥੇ ਇਕ ਔਰਤ ਆਪਣੀ ਗੱਡੀ ਵਿਚੋਂ ਨਿਕਲ ਰਹੀ ਸੀ ਜਦੋਂ ਦੋ ਸ਼ੱਕੀਆਂ ਨੇ ਉਸ ਦੀ ਗੱਡੀ ਦੀਆਂ ਚਾਬੀਆਂ ਖੋਹਣ ਦਾ ਯਤਨ ਕੀਤਾ।