ਅਮਰੀਕਾ ਦੇ ਟੈਕਸਾਸ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਜਿਸ ਵਿੱਚ ਇੱਕ ਮਹਿਲਾ ਸਮੇਤ ਚਾਰ ਭਾਰਤੀਆਂ ਦੀ ਸੜ ਕੇ ਦਰਦਨਾਕ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਹਰ ਕੋਈ ਕਾਰਪੂਲਿੰਗ ਐਪ ਰਾਹੀਂ ਜੁੜੇ ਸੀ ਅਤੇ ਹਾਦਸੇ ਵਿੱਚ ਪੰਜ ਵਾਹਨ ਸ਼ਾਮਲ ਸਨ। ਜਦੋਂ ਇਹ ਹਾਦਸਾ ਵਾਪਰਿਆ ਤਾਂ ਉਹ ਬੈਂਟਨਵਿਲੇ, ਅਰਕਾਂਸਸ ਜਾ ਰਹੇ ਸਨ। ਇਹ ਹਾਦਸਾ ਇੱਕ SUV ਨੂੰ ਟਰੱਕ ਨਾਲ ਟਕਰਾਉਣ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਸਾਰੇ ਯਾਤਰੀ SUV ਵਿੱਚ ਸਵਾਰ ਸਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾਸ਼ਾਂ ਦੀ ਪਛਾਣ ਕਰਨਾ ਬਹੁਤ ਮੁਸ਼ਕਲ ਹੈ ਅਤੇ DNA ਟੈਸਟ ਰਾਹੀਂ ਹੀ ਉਨ੍ਹਾਂ ਦੀ ਪਛਾਣ ਹੋ ਸਕਦੀ ਹੈ।
ਬੀਤੇ ਸ਼ੁੱਕਰਵਾਰ ਨੂੰ ਹੋਏ ਇਸ ਹਾਦਸੇ ‘ਚ ਮਰਨ ਵਾਲਿਆਂ ਦੀ ਪਛਾਣ ਆਰੀਅਨ ਰਘੂਨਾਥ ਓਰਾਮਪਾਤੀ, ਫਾਰੂਕ ਸ਼ੇਖ, ਲੋਕੇਸ਼ ਪਲਾਚਾਰਲਾ ਅਤੇ ਦਰਸ਼ਨੀ ਵਾਸੂਦੇਵਨ ਵਜੋਂ ਹੋਈ ਹੈ। ਓਰਾਮਪਾਤੀ ਅਤੇ ਉਸਦਾ ਦੋਸਤ ਸ਼ੇਖ ਡਲਾਸ ਵਿੱਚ ਆਪਣੇ ਚਚੇਰੇ ਭਰਾ ਨੂੰ ਮਿਲਣ ਤੋਂ ਬਾਅਦ ਵਾਪਸ ਆ ਰਹੇ ਸਨ। ਲੋਕੇਸ਼ ਆਪਣੀ ਪਤਨੀ ਨੂੰ ਮਿਲਣ ਬੈਂਟਨਵਿਲੇ ਜਾ ਰਿਹਾ ਸੀ ਅਤੇ ਟੈਕਸਾਸ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਕਰ ਰਹੀ ਦਰਸ਼ਿਨੀ ਵਾਸੂਦੇਵਨ ਬੈਂਟਨਵਿਲੇ ਸਥਿਤ ਆਪਣੇ ਚਾਚੇ ਨੂੰ ਮਿਲਣ ਜਾ ਰਹੀ ਸੀ। ਉਹ ਸਾਰੇ ਇੱਕ ਕਾਰਪੂਲਿੰਗ ਐਪ ਰਾਹੀਂ ਜੁੜੇ ਹੋਏ ਸਨ।
ਆਰੀਅਨ ਦੇ ਪਿਤਾ ਸੁਭਾਸ਼ ਚੰਦਰ ਰੈੱਡੀ ਹੈਦਰਾਬਾਦ ਸਥਿਤ ਮੈਕਸ ਐਗਰੀ ਜੇਨੇਟਿਕਸ ਪ੍ਰਾਈਵੇਟ ਲਿਮਟਿਡ ਦੇ ਮਾਲਕ ਹਨ। ਆਰੀਅਨ ਨੇ ਕੋਇੰਬਟੂਰ ਦੇ ਅੰਮ੍ਰਿਤਾ ਵਿਸ਼ਵ ਵਿਦਿਆਪੀਠਮ ਤੋਂ ਆਪਣੀ ਇੰਜੀਨੀਅਰਿੰਗ ਦੀ ਡਿਗਰੀ ਪੂਰੀ ਕੀਤੀ ਹੈ। ਆਰੀਅਨ ਦੇ ਇੱਕ ਰਿਸ਼ਤੇਦਾਰ ਨੇ ਕਿਹਾ, “ਉਸ ਦੇ ਮਾਤਾ-ਪਿਤਾ ਮਈ ਵਿੱਚ ਟੈਕਸਾਸ ਯੂਨੀਵਰਸਿਟੀ ਵਿੱਚ ਕਨਵੋਕੇਸ਼ਨ ਲਈ ਅਮਰੀਕਾ ਵਿੱਚ ਸਨ। ਕਨਵੋਕੇਸ਼ਨ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਭਾਰਤ ਪਰਤਣ ਲਈ ਕਿਹਾ ਪਰ ਉਸ ਨੇ ਕਿਹਾ ਕਿ ਉਹ ਦੋ ਸਾਲ ਹੋਰ ਅਮਰੀਕਾ ਵਿੱਚ ਕੰਮ ਕਰਨਾ ਚਾਹੁੰਦਾ ਹੈ। ਸ਼ਾਇਦ ਕਿਸਮਤ ਨੂੰ ਇਹ ਮਨਜ਼ੂਰ ਸੀ।’
ਆਰੀਅਨ ਦਾ ਦੋਸਤ ਸ਼ੇਖ ਵੀ ਹੈਦਰਾਬਾਦ ਦਾ ਰਹਿਣ ਵਾਲਾ ਸੀ ਅਤੇ ਬੇਂਟਨਵਿਲੇ ‘ਚ ਰਹਿੰਦਾ ਸੀ। ਤਾਮਿਲਨਾਡੂ ਦੀ ਦਰਸ਼ਿਨੀ ਟੈਕਸਾਸ ਦੇ ਫਰਿਸਕੋ ‘ਚ ਰਹਿੰਦੀ ਸੀ। ਫਾਰੂਕ ਸ਼ੇਖ ਦੇ ਪਿਤਾ ਮਸਤਾਨ ਵਲੀ ਨੇ ਦੱਸਿਆ ਕਿ ਉਹ ਤਿੰਨ ਸਾਲ ਪਹਿਲਾਂ ਅਮਰੀਕਾ ਗਿਆ ਸੀ। “ਉਹ ਆਪਣੀ MS ਦੀ ਡਿਗਰੀ ਪੂਰੀ ਕਰਨ ਲਈ ਅਮਰੀਕਾ ਗਿਆ ਸੀ।
ਰਿਪੋਰਟਾਂ ਅਨੁਸਾਰ, ਇੱਕ ਤੇਜ਼ ਰਫ਼ਤਾਰ ਟਰੱਕ ਨੇ SUV ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਵਿੱਚ ਸਾਰੇ ਪੰਜ ਸਫ਼ਰ ਕਰ ਰਹੇ ਸਨ। ਕਾਰ ਨੂੰ ਅੱਗ ਲੱਗ ਗਈ ਅਤੇ ਸਾਰੇ ਯਾਤਰੀ ਸੜ ਗਏ। ਅਧਿਕਾਰੀ ਹੁਣ DNA ਫਿੰਗਰਪ੍ਰਿੰਟਿੰਗ ਅਤੇ ਦੰਦਾਂ ਅਤੇ ਹੱਡੀਆਂ ਦਾ ਵਿਸ਼ਲੇਸ਼ਣ ਕਰ ਰਹੇ ਹਨ। ਲਾਸ਼ਾਂ ਦੀ ਪਛਾਣ ਕਰਨ ਲਈ, ਇੱਕ ਸਥਾਨਕ ਅਧਿਕਾਰੀ ਨੇ ਕਿਹਾ, “ਲਾਸ਼ਾਂ ਦੀ ਪਛਾਣ ਕਰਨ ਲਈ ਮਾਪਿਆਂ ਦੇ ਨਮੂਨੇ ਮਿਲਾਏ ਜਾਣਗੇ।” ਦਰਸ਼ਨੀ ਵਾਸੁਦੇਵਨ ਦੇ ਮਾਤਾ-ਪਿਤਾ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੋਂ ਮਦਦ ਦੀ ਅਪੀਲ ਕੀਤੀ ਹੈ।