ਪੰਜਾਬ ਤੋਂ ਕਈ ਨੌਜਵਾਨ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਨੂੰ ਦੇਖਦੇ ਹੋਏ ਵਿਦੇਸ਼ਾਂ ਦੀ ਉਡਾਨ ਭਰਦੇ ਹਨ। ਉੱਥੇ ਜਾ ਕੇ ਪਹਿਲਾਂ ਪੜ੍ਹਾਈ ਕਰਦੇ ਹਨ ਅਤੇ ਪੜ੍ਹਾਈ ਤੋਂ ਬਾਅਦ ਉਹਨਾਂ ਨੂੰ ਰੁਜ਼ਗਾਰ ਵੀ ਮਿਲ ਜਾਂਦਾ ਪਰ ਕਈ ਵਾਰ ਵਿਦੇਸ਼ਾਂ ‘ਚ ਨੌਜਵਾਨਾਂ ਨਾਲ ਅਜਿਹਾ ਭਾਣਾ ਵਾਪਰ ਜਾਂਦਾ ਹੈ, ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ। ਅਜਿਹੀ ਹੀ ਇੱਕ ਮੰਦਭਾਗੀ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ, ਜਿੱਥੇ ਪੰਜਾਬਣ ਦੁ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕਾ ਦੀ ਪਛਾਣ ਜ਼ਿਲ੍ਹਾ ਭਦੌੜ ਦੀ ਗੁਰਮੀਤ ਕੌਰ ਵਜੋਂ ਹੋਈ ਹੈ।
ਇਸ ਸਬੰਧੀ ਮ੍ਰਿਤਕਾ ਦੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਗੁਰਮੀਤ ਕੌਰ ਦੀ ਆਈਲੈਟਸ ਕੀਤੀ ਹੋਈ ਸੀ। ਉਸ ਦਾ ਵਿਆਹ ਪੌਣੇ ਦੋ ਸਾਲ ਪਹਿਲਾਂ ਬਠਿੰਡਾ ਵਿਖੇ ਹੋਇਆ ਸੀ। ਜਿਸ ਤੋਂ ਬਾਅਦ ਉਹ ਰੋਜ਼ੀ-ਰੋਟੀ ਕਮਾਉਣ ਦੀ ਖਾਤਿਰ 29 ਦਸੰਬਰ 2023 ਨੂੰ ਸਰੀ (ਕੈਨੇਡਾ) ਵਿਖੇ ਪੜ੍ਹਾਈ ਕਰਨ ਲਈ ਗਈ ਸੀ। ਹੁਣ ਉਸ ਦਾ ਇੱਕ ਸਮੈਸਟਰ ਪੁੂਰਾ ਹੋ ਚੁੱਕਿਆ ਸੀ।
ਉਨ੍ਹਾਂ ਦੱਸਿਆ ਕਿ ਪੜ੍ਹਾਈ ਦੇ ਨਾਲ-ਨਾਲ ਕੰਮਕਾਰ ਨਾ ਮਿਲਣ ਕਾਰਨ ਉਹ ਪਰੇਸ਼ਾਨ ਰਹਿੰਦੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ 1 ਸਤੰਬਰ ਨੂੰ ਗੁਰਮੀਤ ਕੌਰ ਦੇ ਨਾਲ ਰਹਿੰਦੀਆਂ ਕੁੜੀਆਂ ਦਾ ਫੋਨ ਆਇਆ ਕਿ ਬੀਤੀ ਰਾਤ ਗੁਰਮੀਤ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਗੁਰਮੀਤ ਦੀ ਮ੍ਰਿਤਕ ਦੇਹ ਕਸਬਾ ਭਦੌੜ ਵਿਖੇ ਲਿਆਉਣ ਲਈ ਮਦਦ ਕੀਤੀ ਜਾਵੇ ਤਾਂ ਕਿ ਉਹ ਆਪਣੀ ਧੀ ਨੂੰ ਆਖਰੀ ਵਾਰ ਦੇਖ ਸਕਣ ਤੇ ਉਸਦਾ ਸਸਕਾਰ ਕਰ ਸਕਣ।