ਕਪੂਰਥਲਾ ਦੇ ਪਿੰਡ ਮੇਵਾਸਿੰਘ ਵਾਲਾ ਦੇ ਇੱਕ ਵਿਅਕਤੀ ਦੀ ਫਿਲੀਪੀਨਜ਼ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਪੀੜਤ ਪਰਿਵਾਰ ਨੇ ਸੰਤ ਬਲਬੀਰ ਸਿੰਘ ਨਾਲ ਮੁਲਾਕਾਤ ਕਰਕੇ ਲਾਸ਼ ਨੂੰ ਭਾਰਤ ਲਿਆਉਣ ਲਈ ਮਦਦ ਦੀ ਮੰਗ ਕੀਤੀ ਹੈ।

ਦੱਸ ਦਈਏ ਕਿ ਹਲਵਾਈ ਦਾ ਕੰਮ ਕਰਨ ਵਿਚ ਮਾਹਿਰ ਕੁਲਦੀਪ ਲਾਲ ਘਰ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਦਸੰਬਰ 2022 ਵਿਚ ਪਿੰਡ ਦੇ ਹੀ ਬਲਦੇਵ ਸਿੰਘ ਦੇ ਮਾਧਿਅਮ ਨਾਲ ਵਿਦੇਸ਼ ਗਿਆ ਸੀ। ਆਪਣੇ ਸਾਥੀ ਪਿੰਡ ਵਾਸੀ ਦੇ ਕਹਿਣ ਉੱਤੇ ਜੋ ਉੱਥੇ ਇਕ ਰੈਸਟੋਰੈਂਟ ਖੋਲਣ ਦੀ ਯੋਜਨਾ ਬਣਾ ਰਿਹਾ ਸੀ। ਬਲਦੇਵ ਸਿੰਘ ਦੀ ਪਤਨੀ ਮਨਜੀਤ ਕੌਰ ਨੇ ਚੰਗੀ ਤਨਖਾਹ ਤੇ ਵਧੀਆ ਭਵਿੱਖ ਦਾ ਵਾਅਦਾ ਕਰਦੇ ਹੋਏ ਕੁਲਦੀਪ ਲਾਲ ਨੂੰ ਉਨ੍ਹਾਂ ਦੇ ਨਾਲ ਜਾਣ ਲਈ ਮਨਾ ਲਿਆ। ਲੇਕਿਨ ਜਦੋਂ ਉਹ ਵਿਦੇਸ਼ ਪਹੁੰਚੇ ਤਾਂ ਹਾਲਾਤ ਬਦ ਤੋਂ ਬਦਤਰ ਹੋ ਗਏ।

ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮੇਵਾ ਸਿੰਘ ਵਾਲਾ ਦੇ ਰਹਿਣ ਵਾਲੇ ਕੁਲਦੀਪ ਲਾਲ ਦੀ ਪਤਨੀ ਭਜਨ ਕੌਰ ਨੇ ਦੱਸਿਆ ਕਿ ਉਸ ਨੂੰ ਜਦੋਂ ਪਤਾ ਲੱਗਾ ਕਿ ਉਸ ਦੇ ਪਤੀ ਦੀ ਮੌਤ ਹੋ ਗਈ ਹੈ ਤਾਂ ਉਹ ਹੈਰਾਨ ਰਹਿ ਗਈ। ਪੀੜਤ ਪਰਿਵਾਰ ਵੀ ਕੁਲਦੀਪ ਲਾਲ ਦਾ ਅੰਤਿਮ ਸਸਕਾਰ ਕਰਨ ਲਈ ਤਰਸ ਰਿਹਾ ਹੈ।

ਮ੍ਰਿਤਕ ਦੀ ਬੇਟੀ ਕੁਲਬੀਰ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਦੀ 15 ਅਗਸਤ 2024 ਨੂੰ ਮਨੀਲਾ, ਫਿਲੀਪੀਨਜ਼ ਵਿੱਚ ਮੌਤ ਹੋ ਗਈ ਸੀ। ਬਲਦੇਵ ਸਿੰਘ ਉਸ ‘ਤੇ ਲਾਸ਼ ਨੂੰ ਵਾਪਸ ਭੇਜਣ ਦੇ ਬਦਲੇ ਪਿੰਡ ‘ਚ ਸਥਿਤ 2 ਮਰਲੇ ਦਾ ਮਕਾਨ ਦੇਣ ਲਈ ਦਬਾਅ ਪਾ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਦੇ ਮਕਾਨ ਦੀ ਕੀਮਤ ਤਿੰਨ ਲੱਖ ਤੋਂ ਵੱਧ ਨਹੀਂ ਹੈ ਪਰ ਫਿਰ ਵੀ ਉਸ ਦਾ ਸਿਰ ਢੱਕਣ ਦਾ ਆਖਰੀ ਸਾਧਨ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਭਜਨ ਕੌਰ ਅਨੁਸਾਰ ਮਾਲਕ ਉਸ ਨੂੰ ਨਜ਼ਰਅੰਦਾਜ਼ ਕਰਨ ਲੱਗਾ ਅਤੇ ਉਸ ਨੂੰ ਆਪਣੇ ਪਤੀ ਨਾਲ ਗੱਲ ਵੀ ਨਹੀਂ ਕਰਨ ਦਿੰਦਾ ਸੀ, ਜਿਸ ਕਾਰਨ ਉਸ ਦਾ ਕੁਲਦੀਪ ਲਾਲ ਨਾਲ ਸੰਪਰਕ ਟੁੱਟ ਗਿਆ। ਵਿਧਵਾ ਭਜਨ ਕੌਰ ਆਪਣੇ ਪਰਿਵਾਰ ਸਮੇਤ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੀ ਅਤੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਤੋਂ ਮੰਗ ਕੀਤੀ ਕਿ ਉਸ ਦੇ ਪਤੀ ਦੀ ਲਾਸ਼ ਵਾਪਸ ਮੰਗਵਾਈ ਜਾਵੇ। ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਵੱਲੋਂ ਵਿਦੇਸ਼ ਮੰਤਰਾਲੇ ਨੂੰ ਲਿਖਤੀ ਪੱਤਰ ਭੇਜਿਆ ਗਿਆ।