ਕਰਨਾਟਕ ਦੇ ਗਡਗ ਜ਼ਿਲ੍ਹੇ ਵਿੱਚ ਰੱਖੜੀ ਵਾਲੇ ਦਿਨ ਐਤਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਕੇਐਸਆਰਟੀਸੀ ਦੀ ਇੱਕ ਬੱਸ ਨੇ ਕਾਰ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਵਿੱਚ ਸਵਾਰ ਇੱਕੋ ਪਰਿਵਾਰ ਦੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ। ਇਹ ਹਾਦਸਾ ਗਡਗ ਜ਼ਿਲ੍ਹੇ ਦੇ ਨਰਗੁੰਡਾ ਤਾਲੁਕ ਦੇ ਕੋਨੂਰ ਪਿੰਡ ਨੇੜੇ ਵਾਪਰਿਆ।
ਦੱਸਿਆ ਜਾ ਰਿਹਾ ਹੈ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉਡ ਗਏ। ਕਾਰ ‘ਚ ਸਵਾਰ ਸਾਰੇ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਤਿੰਨ ਲਾਸ਼ਾਂ ਕਾਰ ਵਿੱਚੋਂ ਮਿਲੀਆਂ ਹਨ ਜਦੋਂਕਿ ਇੱਕ ਮਹਿਲਾ ਦੀ ਲਾਸ਼ ਕਾਰ ਦੇ ਬਾਹਰੋਂ ਮਿਲੀ ਹੈ। ਕਾਰ ਵਿੱਚ ਸਵਾਰ ਪਰਿਵਾਰ ਸ਼ਰਾਵਣ ਮਹੀਨੇ ਦੇ ਪਿਛੋਕੜ ਵਿੱਚ ਕਲਪੁਰ ਬਸਵੇਸ਼ਵਰ ਮੰਦਰ ਮੇਲੇ ਵਿੱਚ ਗਿਆ ਸੀ। ਬੱਸ ਉਸ ਇਲਾਕੇ ਤੋਂ ਹੁਬਲੀ ਜਾ ਰਹੀ ਸੀ। ਇਸ ਦੌਰਾਨ ਇਹ ਦਰਦਨਾਕ ਹਾਦਸਾ ਵਾਪਰ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ। ਕਾਫੀ ਮੁਸ਼ੱਕਤ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਾਰ ‘ਚੋਂ ਬਾਹਰ ਕੱਢਿਆ ਜਾ ਸਕਿਆ। ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕਾਂ ਦੀ ਪਛਾਣ ਹਾਵੇਰੀ ਨਿਵਾਸੀ ਰੁਦਰੱਪਾ ਅੰਗਦੀ (55), ਪਤਨੀ ਰਾਜੇਸ਼ਵਰੀ (45), ਬੇਟੀ ਐਸ਼ਵਰਿਆ (16), ਪੁੱਤਰ ਵਿਜੇ (12) ਵਜੋਂ ਹੋਈ ਹੈ। ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।