ਪਾਕਿਸਤਾਨ ਦੇ ਇਕ ਵਿਅਕਤੀ ਨੇ ਵੀਰਵਾਰ ਨੂੰ ਕਥਿਤ ਤੌਰ ‘ਤੇ ਆਪਣੀ ਪਤਨੀ ਅਤੇ ਸੱਤ ਬੱਚਿਆਂ ਦਾ ਕੁਹਾੜੀ ਨਾਲ ਕਤਲ ਕਰ ਦਿੱਤਾ। ਪੁਲਿਸ ਅਧਿਕਾਰੀਆਂ ਦੇ ਅਨੁਸਾਰ ਵਿਅਕਤੀ ਨੇ ਆਪਣੇ ਪਰਿਵਾਰ ‘ਤੇ ਹਮਲਾ ਇਸ ਲਈ ਕਰ ਦਿੱਤਾ ਕਿਉਂਕਿ ਉਹ ਉਨ੍ਹਾਂ ਨੂੰ ਖਾਣਾ ਖਵਾਉਣ ਵਿੱਚ ਅਸਮਰੱਥ ਸੀ। ਮੁਲਜ਼ਮ ਦੀ ਪਛਾਣ ਮਜ਼ਦੂਰ ਸੱਜਾਦ ਖੋਖਰ ਵਜੋਂ ਹੋਈ ਹੈ। ਉਸ ਨੇ ਆਪਣੀ 42 ਸਾਲਾ ਪਤਨੀ ਕੌਸਰ ਅਤੇ ਆਪਣੇ ਸੱਤ ਬੱਚਿਆਂ ਦਾ ਕੁਹਾੜੀ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਬੱਚਿਆਂ ਵਿੱਚ ਚਾਰ ਧੀਆਂ ਅਤੇ ਤਿੰਨ ਪੁੱਤਰ ਸ਼ਾਮਲ ਸੀ , ਜਿਨ੍ਹਾਂ ਦੀ ਉਮਰ ਅੱਠ ਮਹੀਨੇ ਤੋਂ 10 ਸਾਲ ਦੇ ਵਿਚਕਾਰ ਸੀ।
ਪੰਜਾਬ ਪੁਲਿਸ ਨੇ ਕਿਹਾ ਕਿ ਵਿਅਕਤੀ ਆਪਣੀ ਆਰਥਿਕ ਸਥਿਤੀ ਕਾਰਨ ਤਣਾਅ ਵਿੱਚ ਸੀ ਅਤੇ “ਮਾਨਸਿਕ ਤੌਰ ‘ਤੇ ਪਰੇਸ਼ਾਨ” ਸੀ। ਉਹ ਅਕਸਰ ਆਪਣੀ ਪਤਨੀ ਨਾਲ ਲੜਦਾ ਰਹਿੰਦਾ ਸੀ। ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸਦੇ ਪਰਿਵਾਰ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਇਸ ਦੇ ਕਾਰਨ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।
ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਵਿਅਕਤੀ ਨੇ ਆਪਣੀ ਪਤਨੀ ਅਤੇ ਸੱਤ ਬੱਚਿਆਂ ਦੀ ਹੱਤਿਆ ਕਰਨ ਦੀ ਗੱਲ ਕਬੂਲ ਕੀਤੀ ਅਤੇ ਕਿਹਾ ਕਿ ਉਸਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਹੁਣ ਆਪਣੇ ਪਰਿਵਾਰ ਦਾ ਗੁਜ਼ਾਰਾ ਨਹੀਂ ਕਰ ਸਕਦਾ ਸੀ। ਦਿ ਐਕਸਪ੍ਰੈਸ ਟ੍ਰਿਬਿਊਨ ਦੇ ਅਨੁਸਾਰ, ਵਿਅਕਤੀ ਨੇ ਆਪਣੇ ਪਰਿਵਾਰ ਨੂੰ ਮਾਰਨ ਤੋਂ ਕੁਝ ਘੰਟਿਆਂ ਬਾਅਦ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।