ਨਿਊਯਾਰਕ : ਬੀਤੇ ਦਿਨ ਅਮਰੀਕਾ ਵਿੱਚ ਭਾਰਤੀ ਮੂਲ ਦੇ ਚਾਰ ਲੋਕਾਂ ਦੇ ਗਰੁੱਪ ਵੱਲੋਂ ਟੈਕਸਾਸ ਸੂਬੇ ਵਿੱਚ ਮਨੁੱਖੀ ਤਸਕਰੀ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ। ਪੁਲਸ ਨੇ ਟੈਕਸਾਸ ਸੂਬੇ ਦੇ ਪ੍ਰਿੰਸਟਨ ਸ਼ਹਿਰ ਵਿੱਚ ਮਨੁੱਖੀ ਤਸਕਰੀ ਮਾਮਲੇ ਵਿੱਚ ਇੱਕ ਔਰਤ ਸਮੇਤ ਭਾਰਤੀ ਮੂਲ ਦੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੀਡੀਆ ਰਿਪੋਰਟ ਮੁਤਾਬਕ ਪ੍ਰਿੰਸਟਨ ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇੱਕ ਹੀ ਘਰ ਵਿੱਚ 15 ਔਰਤਾਂ ਦੇ ਮਿਲਣ ਤੋਂ ਬਾਅਦ ਚਾਰ ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪ੍ਰਿੰਸਟਨ ਪੁਲਸ ਨੇ ਗ੍ਰਿਫਤਾਰੀਆਂ ਉਦੋਂ ਕੀਤੀਆਂ ਜਦੋਂ ਇੱਕੋ ਘਰ ਵਿੱਚ ਰਹਿੰਦੀਆਂ ਲਗਭਗ 15 ਔਰਤਾਂ ਫਰਸ਼ ‘ਤੇ ਸੌਂ ਰਹੀਆਂ ਸਨ। ਪ੍ਰਿੰਸਟਨ ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਸੰਭਾਵਿਤ ਮਨੁੱਖੀ ਤਸਕਰੀ ਰੈਕੇਟ ਬਾਰੇ ਮਾਰਚ ਵਿੱਚ ਪੈਸਟ ਕੰਟਰੋਲ ਵਿਭਾਗ ਤੋਂ ਸ਼ਿਕਾਇਤ ਮਿਲਣ ਤੋਂ ਬਾਅਦ ਕੋਲਿਨ ਕਾਉਂਟੀ ਵਿੱਚ ਗਿਨਸਬਰਗ ਲੇਨ ‘ਤੇ ਉਸ ਘਰ ਦੀ ਜਾਂਚ ਸ਼ੁਰੂ ਕੀਤੀ। ਮੀਡੀਆ ਰਿਪੋਰਟ ਅਨੁਸਾਰ ਪ੍ਰਿੰਸਟਨ ਪੁਲਸ ਨੇ 24 ਸਾਲਾ ਚੰਦਨ ਦਾਸੀਰੈੱਡੀ, 31 ਸਾਲਾ ਸੰਤੋਸ਼ ਕਟਕੁਰੀ, 31 ਸਾਲਾ ਦਵਾਰਕਾ ਗੁੰਡਾ ਅਤੇ 37 ਸਾਲਾ ਅਨਿਲ ਨਰ ਸਾਰੇ ਤੇਲਗੂ ਭਾਰਤੀਆ ਨੂੰ ‘ਜ਼ਬਰਦਸਤੀ ਮਜ਼ਦੂਰੀ’ ਸਕੀਮ ਚਲਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ।