ਰੋਪੜ ਨਗਰ ਕੌਸਲ ਦਫਤਰ ਦੇ ਨਜ਼ਦੀਕ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਥਾਰ ਕਾਰ ਅਤੇ ਆਟੋ ਦੀ ਜ਼ਬਰਦਸਤ ਟੱਕਰ ਹੋਈ। ਥਾਰ ਕਾਰ ਦੀ ਲਪੇਟ ਵਿਚ ਆਉਣ ਤੋਂ ਬਾਅਦ ਛੋਟਾ ਹਾਥੀ ਸਵਾਰੀ ਟੈਂਪੂ ਸਰਹੰਦ ਨਹਿਰ ਵਿਚ ਜਾ ਡਿੱਗਿਆ। ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਹਾਈਡਰਾਂ ਮਸ਼ੀਨ ਨਾਲ ਨਹਿਰ ਵਿਚੋਂ ਟੈਂਪੂ ਕੱਢ ਲਿਆ ਪਰ ਸਵਾਰੀਆਂ ਰੁੜ੍ਹ ਗਈਆਂ। NDRF ਵੱਲੋਂ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ, ਰਾਧਾਸਵਾਮੀ ਸਤਿਸੰਗ ਘਰ ਵੱਲੋਂ ਟੈਂਪੂ ਚਾਲਕ ਸਵਾਰੀਆਂ ਲੈ ਕੇ ਸ਼ਹਿਰ ਵੱਲ ਸਰਹੰਦ ਨਹਿਰ ਦੇ ਨਾਲ ਵਾਲੀ ਸੜਕ ’ਤੇ ਆ ਰਿਹਾ ਸੀ ਕਿ ਪਿੱਛੇ ਤੋਂ ਆ ਰਹੀ ਤੇਜ਼ ਰਫਤਾਰ ਥਾਰ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਦੇ ਚੱਲਦਿਆਂ ਟੈਂਪੂ ਸਿੱਧਾ ਸਰਹਿੰਦ ਨਹਿਰ ਵਿਚ ਜਾ ਡਿੱਗਾ। ਦੱਸਿਆ ਜਾ ਰਿਹਾ ਹੈ ਕਿ ਟੈਂਪੂ ਵਿੱਚ ਡਰਾਈਵਰ ਸਮੇਤ ਪੰਜ ਸਵਾਰੀਆਂ ਸਵਾਰ ਸਨ।
ਘਟਨਾ ਸਥਾਨ ’ਤੇ ਪਹੁੰਚੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਥਾਰ ਕਾਰ ਦੀ ਟੱਕਰ ਨਾਲ ਟੈਂਪੂ ਜਿਸ ਨੂੰ ਛੋਟਾ ਹਾਥੀ ਵੀ ਕਹਿੰਦੇ ਹਨ, ਸਰਹੰਦ ਨਹਿਰ ਵਿਚ ਡਿੱਗਿਆ ਹੈ ਪਰ ਉਸ ਵਿਚ ਕਿੰਨੀਆਂ ਸਵਾਰੀਆਂ ਸਵਾਰ ਸਨ, ਇਸ ਬਾਰੇ ਪੱਕਾ ਪਤਾ ਨਹੀਂ ਲੱਗਾ ਪਰ ਥਾਰ ਦਾ ਚਾਲਕ ਚਾਰ ਸਵਾਰੀਆਂ ਦੱਸ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਾਈਡਰਾ ਮਸ਼ੀਨ ਦੀ ਮਦਦ ਨਾਲ ਟੈਂਪੂ ਬਾਹਰ ਕੱਢ ਲਿਆ ਹੈ ਪਰ ਸਵਾਰੀ ਵਿਚ ਕੋਈ ਨਹੀਂ ਸੀ। ਪੁਲਿਸ ਨੇ ਥਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ।
ਉਨ੍ਹਾਂ ਕਿਹਾ ਕਿ ਸਵਾਰੀਆਂ ਦੀ ਭਾਲ ਜਾਰੀ ਹੈ ਪਰ ਨਹਿਰ ਵਿਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਮੁਸ਼ਕਲ ਆ ਰਹੀ ਹੈ। ਇਸ ਮੌਕੇ ਡਿਊਟੀ ਮੈਜਿਸਟਰੇਟ ਕੁਲਦੀਪ ਸਿੰਘ, ਡੀਐੱਸਪੀ ਹਰਪਿੰਦਰ ਕੌਰ ਗਿੱਲ ਹਾਜ਼ਰ ਸਨ। ਉੱਧਰ ਮੌਕੇ ’ਤੇ ਹਾਜ਼ਰ ਟੈਂਪੂ ਚਾਲਕ ਦੇ ਪੁੱਤਰ ਸੁਰਜਨ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਕਰਮ ਸਿੰਘ 2012 ਤੋਂ ਟੈਪੂ ਚਲਾ ਕੇ ਘਰ ਦਾ ਗੁਜ਼ਾਰਾ ਚਲਾ ਰਹੇ ਹਨ। ਉੱਧਰ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਆਦੇਸ਼ ਜਾਰੀ ਕਰਕੇ ਨਹਿਰ ਵਿੱਚ ਪਾਣੀ ਦਾ ਵਹਾਅ ਘਟਾਉਣ ਦੀ ਹਦਾਇਤ ਦਿੱਤੀ ਹੈ।