ਮੋਗਾ ਦੇ ਪਿੰਡ ਨਿਧਵਾਲਾ ਦੇ ਰਹਿਣ ਵਾਲੇ ਬਿਜਲੀ ਵਿਭਾਗ ਦੇ ਲਾਈਨਮੈਨ ਗੁਰਦੀਪ ਸਿੰਘ ਦੀ ਡਗਰੂ ਫੀਡਰ ਦੇ ਡ੍ਰੋਲੀ ਭਾਈ ਵਿਚ 11 ਕੇਵੀ ਤਾਰਾਂ ਦੀ ਮੁਰੰਮਤ ਕਰਦੇ ਸਮੇਂ ਤਾਰਾਂ ਵਿਚ ਅਚਾਨਕ ਕਰੰਟ ਲੱਗਣ ਕਾਰਨ 60 ਫੁੱਟ ਉੱਚੇ ਟਾਵਰ ਤੋਂ ਡਿਗਣ ਨਾਲ ਮੌਤ ਹੋ ਗਈ। ਮ੍ਰਿਤਕ ਗੁਰਦੀਪ ਸਿੰਘ ਨੂੰ ਸਰਕਾਰੀ ਹਸਪਤਾਲ ਵਿਚ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਪਰਿਵਾਰ ਵਾਲਿਆਂ ਦੇ ਬਿਆਨ ਲੈ ਕੇ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ।

ਦੂਜੇ ਪਾਸੇ ਮ੍ਰਿਤਕ ਗੁਰਦੀਪ ਸਿੰਘ ਜਿਸ ਦੀ ਉਮਰ ਲਗਭਗ 30 ਸਾਲ ਹੈ, ਲਗਭਗ ਚਾਰ ਸਾਲ ਪਹਿਲਾਂ ਬਿਜਲੀ ਵਿਭਾਗ ਵਿਚ ਭਰਤੀ ਹੋਇਆ ਸੀ ਤੇ ਅਜੇ ਕੁਝ ਸਮਾਂ ਪਹਿਲਾਂ ਹੀ ਵਿਭਾਗ ਨੇ ਉਸ ਨੂੰ ਪੱਕਾ ਕੀਤਾ ਸੀ। ਇਸ ਮੌਕੇ ਯੂਨੀਅਨ ਆਗੂਆਂ ਨੇ ਦੱਸਿਆ ਕਿ ਵਿਭਾਗ ਵਿਚ ਮੁਲਾਜ਼ਮਾਂ ਦੀ ਬਹੁਤ ਕਮੀ ਹੈ ਤੇ ਕੰਮ ਦਾ ਲੋਡ ਜ਼ਿਆਦਾ ਹੈ ਤੇ ਮੁਲਾਜ਼ਮ ਟੈਨਸ਼ਨ ਵਿਚ ਰਹਿੰਦੇ ਹਨ। ਅਜਿਹਾ ਹੀ ਗੁਰਦੀਪ ਸਿੰਘ ਦੇ ਨਾਲ ਹੋਇਆ ਤੇ ਉਹ ਲਗਾਤਾਰ ਆਪਣੀ ਡਿਊਟੀ ਕਰ ਰਿਹਾ ਸੀ। ਸਰਕਾਰ ਨੂੰ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ।
ਜਾਂਚ ਅਧਿਕਾਰੀ ਬੀਰਪਾਲ ਕੌਰ ਨੇ ਦੱਸਿਆ ਕਿ ਗੁਰਦੀਪ ਸਿੰਘ 11 ਕੇਵੀ ਲਾਈਨ ਦੀ ਮੁਰੰਮਤ ਕਰ ਰਿਹਾ ਸੀ ਕਿ ਅਚਾਨਕ ਤਾਰਾਂ ਵਿਚ ਕਰੰਟ ਆ ਗਿਆ ਤੇ ਉਹ 60 ਫੁੱਟ ਉੱਚੇ ਟਾਵਰ ਨਾਲ ਕਰੰਟ ਲੱਗਣ ਕਾਰਨ ਹੇਠਾਂ ਡਿੱਗ ਗਿਆ ਤੇ ਉਸ ਦੀ ਮੌਤ ਹੋ ਗਈ। ਦੂਜੇ ਪਾਸੇ ਪਰਿਵਾਰ ਵਾਲਿਆਂ ਦੇ ਬਿਆਨ ਲੈ ਕੇ 174 ਦੀ ਕਾਰਵਾਈ ਕੀਤੀ ਗਈ ਹੈ। ਮ੍ਰਿਤਕ ਗੁਰਦੀਪ ਸਿੰਘ ਦਾ ਵੱਡਾ ਭਰਾ ਪੁਲਿਸ ਮੁਲਾਜ਼ਮ ਹੈ। ਤਿੰਨ ਭਰਾਵਾਂ ਵਿਚੋਂ ਗੁਰਦੀਪ ਸਿੰਘ ਸਭ ਤੋਂ ਛੋਟਾ ਸੀ।