ਰੂਸੀ ਰੱਖਿਆ ਮੰਤਰਾਲੇ ਨੇ ਯੂਕਰੇਨੀ ਫ਼ੌਜ ’ਤੇ ਫ਼ੌਜੀ ਮਾਲਵਾਹਕ ਜਹਾਜ਼ ਉਪਰ ਹਮਲੇ ਦਾ ਦੋਸ਼ ਲਾਇਆ ਹੈ ਜਿਸ ਦੇ ਡਿੱਗਣ ਕਾਰਨ ਯੂਕਰੇਨ ਦੇ 65 ਜੰਗੀ ਕੈਦੀਆਂ ਸਮੇਤ 74 ਮੁਸਾਫ਼ਰ ਮਾਰੇ ਗਏ ਹਨ। ਯੂਕਰੇਨ ਦੇ ਅਧਿਕਾਰੀਆਂ ਨੇ ਰੂਸ ਦੇ ਦਾਅਵਿਆਂ ਨੂੰ ਨਾ ਨਕਾਰਿਆ ਹੈ ਅਤੇ ਨਾ ਹੀ ਇਸ ਦੀ ਪੁਸ਼ਟੀ ਕੀਤੀ ਹੈ। ਜਹਾਜ਼ ਦੇ ਬੇਲਗ੍ਰਾਦ ’ਚ ਡਿੱਗਣ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਰੂਸ ਅਤੇ ਯੂਕਰੇਨ ਵਿਚਕਾਰ ਜੰਗ ਨੂੰ 700 ਦਿਨ ਪੂਰੇ ਹੋ ਗਏ ਹਨ ਅਤੇ ਦੋਵੇਂ ਮੁਲਕ ਇਕ-ਦੂਜੇ ਉਪਰ ਹਮਲਿਆਂ ਦੇ ਦੋਸ਼ ਲਾਉਂਦੇ ਆ ਰਹੇ ਹਨ। ਰੂਸੀ ਫ਼ੌਜ ਨੇ ਕਿਹਾ ਕਿ ਜਹਾਜ਼ ’ਚ 65 ਜੰਗੀ ਕੈਦੀਆਂ ਤੋਂ ਇਲਾਵਾ ਅਮਲੇ ਦੇ ਛੇ ਮੈਂਬਰ ਅਤੇ ਤਿੰਨ ਹੋਰ ਮੁਸਾਫ਼ਰ ਸਵਾਰ ਸਨ। ਬਿਆਨ ਮੁਤਾਬਕ ਰੂਸੀ ਰਡਾਰ ’ਚ ਯੂਕਰੇਨ ਦੇ ਖਾਰਕੀਵ ਖ਼ਿੱਤੇ ਤੋਂ ਦੋ ਮਿਜ਼ਾਈਲਾਂ ਦਾਗ਼ੇ ਜਾਣ ਦੀ ਪੁਸ਼ਟੀ ਹੋਈ ਹੈ। ਉਂਜ ਮੰਤਰਾਲੇ ਨੇ ਇਸ ਦਾਅਵੇ ਦਾ ਕੋਈ ਸਬੂਤ ਨਹੀਂ ਦਿੱਤਾ ਹੈ। ਰੂਸੀ ਫ਼ੌਜ ਨੇ ਕਿਹਾ ਕਿ ਜੰਗੀ ਕੈਦੀਆਂ ਨੂੰ ਅਦਲਾ-ਬਦਲੀ ਨੀਤੀ ਤਹਿਤ ਖ਼ਿੱਤੇ ’ਚ ਲਿਆਂਦਾ ਜਾ ਰਿਹਾ ਸੀ।