ਮਾਸਕੋ : ਰੂਸ ਦਾ ਮਿਲਟਰੀ ਟ੍ਰਾਂਸਪੋਰਟ ਜਹਾਜ਼ An-26 ਕ੍ਰੀਮੀਆ ਵਿੱਚ ਕ੍ਰੈਸ਼ ਹੋ ਗਿਆ। ਇਸ ਵਿੱਚ 23 ਯਾਤਰੀ ਅਤੇ 6 ਕਰੂ ਮੈਂਬਰ ਸਵਾਰ ਸਨ। ਸਾਰਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਰੂਸੀ ਸਮਾਚਾਰ ਏਜੰਸੀ TASS ਨੇ ਬੁੱਧਵਾਰ ਨੂੰ ਰੂਸੀ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਕਿ ਰੂਸੀ ਐਂਟੋਨੋਵ-26 ਫੌਜੀ ਜਹਾਜ਼ ਕ੍ਰੀਮੀਅਨ ਪ੍ਰਾਇਦੀਪ ਦੇ ਉੱਪਰ ਉੱਡਦੇ ਸਮੇਂ ਹਾਦਸਾਗ੍ਰਸਤ ਹੋ ਗਿਆ। ਰੱਖਿਆ ਮੰਤਰਾਲੇ ਦੇ ਅਨੁਸਾਰ An-26 ਫੌਜੀ ਟਰਾਂਸਪੋਰਟ ਜਹਾਜ਼ ਨਾਲ ਸੰਪਰਕ 31 ਮਾਰਚ ਨੂੰ ਸ਼ਾਮ 6 ਵਜੇ ਟੁੱਟ ਗਿਆ ਸੀ, ਜਦੋਂ ਇਹ ਕ੍ਰੀਮੀਅਨ ਪ੍ਰਾਇਦੀਪ ਦੇ ਉੱਪਰ ਇੱਕ ਨਿਰਧਾਰਤ ਉਡਾਣ ‘ਤੇ ਸੀ। ਜਾਣਕਾਰੀ ਦਿੰਦਿਆਂ ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਸ਼ੱਕੀ ਹਾਦਸੇ ਤੋਂ ਬਾਅਦ ਖੋਜ ਅਤੇ ਬਚਾਅ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਅਤੇ An-26 ਜਹਾਜ਼ ਦੇ ਹਾਦਸੇ ਵਾਲੀ ਥਾਂ ਦਾ ਪਤਾ ਲਗਾਇਆ ਗਿਆ।

ਘਟਨਾ ਸਥਾਨ ਤੋਂ ਪ੍ਰਾਪਤ ਰਿਪੋਰਟਾਂ ਤੋਂ ਪਤਾ ਲੱਗਿਆ ਕਿ ਜਹਾਜ਼ ਵਿੱਚ ਸਵਾਰ ਛੇ ਚਾਲਕ ਦਲ ਦੇ ਮੈਂਬਰਾਂ ਅਤੇ 23 ਯਾਤਰੀਆਂ ਦੀ ਮੌਤ ਹੋ ਗਈ ਹੈ। ਬਚਾਅ ਅਤੇ ਰਾਹਤ ਕਾਰਜ ਇਸ ਸਮੇਂ ਜਾਰੀ ਹਨ। ਸ਼ੁਰੂਆਤੀ ਰਿਪੋਰਟਾਂ ਅਨੁਸਾਰ An-26 ਫੌਜੀ ਟਰਾਂਸਪੋਰਟ ਜਹਾਜ਼ ਇੱਕ ਚੱਟਾਨ ਨਾਲ ਟਕਰਾ ਗਿਆ ਅਤੇ ਕਰੀਮੀਆ ਵਿੱਚ ਹਾਦਸਾਗ੍ਰਸਤ ਹੋ ਗਿਆ।

ਜ਼ਿਕਰਯੋਗ ਹੈ ਕਿ ਜਹਾਜ਼ ਹਾਦਸੇ ਦਾ ਇੱਕ ਸੰਭਾਵੀ ਕਾਰਨ ਤਕਨੀਕੀ ਨੁਕਸ ਮੰਨਿਆ ਜਾ ਰਿਹਾ ਹੈ, ਹਾਲਾਂਕਿ ਇਸਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ। ਇਹ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਇਹ ਹਾਦਸਾ ਤਕਨੀਕੀ ਨੁਕਸ ਕਾਰਨ ਹੋਇਆ ਸੀ ਜਾਂ ਕਿਸੇ ਹੋਰ ਕਾਰਨ ਕਰਕੇ। ਅਧਿਕਾਰੀਆਂ ਨੇ ਕਿਹਾ ਹੈ ਕਿ ਸ਼ੁਰੂਆਤੀ ਜਾਂਚ ਅਤੇ ਘਟਨਾ ਸਥਾਨ ਤੋਂ ਇਕੱਠੇ ਕੀਤੇ ਗਏ ਸਬੂਤਾਂ ਦੇ ਆਧਾਰ ‘ਤੇ ਹਮਲੇ ਦੇ ਕੋਈ ਸੰਕੇਤ ਨਹੀਂ ਹਨ।

An-26 ਜਹਾਜ਼ ਸੋਵੀਅਤ ਦੌਰ ਦਾ ਇੱਕ ਫੌਜੀ ਟ੍ਰਾਂਸਪੋਰਟ ਜਹਾਜ਼ ਹੈ। ਇਸ ਨੂੰ ਐਂਟੋਨੋਵ ਕੰਪਨੀ ਵੱਲੋਂ ਬਣਾਇਆ ਗਿਆ ਸੀ। ਇਸ ਦੀ ਪਹਿਲੀ ਉਡਾਣ 1969 ਵਿੱਚ ਹੋਈ ਸੀ। ਇਸ ਦੀ ਵਰਤੋਂ ਸੈਨਿਕਾਂ, ਹਥਿਆਰਾਂ ਅਤੇ ਫੌਜੀ ਸਾਮਾਨ ਨੂੰ ਲਿਜਾਣ ਲਈ ਕੀਤੀ ਜਾਂਦੀ ਹੈ। ਇਸ ਵਿੱਚ ਇੱਕੋ ਸਮੇਂ ਦਰਜਨਾਂ ਸੈਨਿਕ ਜਾਂ ਭਾਰੀ ਸਾਮਾਨ ਲਿਜਾਇਆ ਜਾ ਸਕਦਾ ਹੈ। ਇਸ ਜਹਾਜ਼ ਦੀ ਖ਼ਾਸੀਅਤ ਇਹ ਹੈ ਕਿ ਇਹ ਛੋਟੇ ਅਤੇ ਖ਼ਰਾਬ ਰਨਵੇਅ ਤੋਂ ਵੀ ਉਡਾਣ ਭਰ ਸਕਦਾ ਹੈ। ਇਸੇ ਕਰਕੇ ਇਸ ਦੀ ਵਰਤੋਂ ਦੁਰਗਮ ਅਤੇ ਜੰਗੀ ਖੇਤਰਾਂ ਵਿੱਚ ਕੀਤੀ ਜਾਂਦੀ ਹੈ। ਇਸ ਦੇ ਪਿਛਲੇ ਪਾਸੇ ਬਣੇ ਵੱਡੇ ਕਾਰਗੋ ਦਰਵਾਜ਼ੇ ਰਾਹੀਂ ਏਅਰਡ੍ਰੌਪ ਆਪ੍ਰੇਸ਼ਨ ਵੀ ਕੀਤੇ ਜਾ ਸਕਦੇ ਹਨ।