ਮਸ਼ਹੂਰ ਰੈਪਰ ਅਤੇ ਮਿਊਜ਼ਿਕ ਕੰਪੋਜ਼ਰ ਬਾਦਸ਼ਾਹ ਇੱਕ ਵਾਰ ਫਿਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਆਪਣੇ ‘ਟਟੀਰੀ’ ਗੀਤ ਨੂੰ ਲੈ ਕੇ ਵਿਵਾਦਾਂ ਵਿੱਚ ਘਿਰੇ ਬਾਦਸ਼ਾਹ ਨੇ ਗੁਪਤਚੁਪ ਤਰੀਕੇ ਨਾਲ ਵਿਆਹ ਕਰਵਾ ਲਿਆ ਹੈ।
ਮੀਡੀਆ ਰਿਪੋਰਟਾਂ ਦੇ ਮੁਤਾਬਕ, ਬਾਦਸ਼ਾਹ ਨੇ ਪੰਜਾਬੀ ਫ਼ਿਲਮ ਇੰਡਸਟਰੀ ਦੀ ਜਾਣੀ-ਪਛਾਣੀ ਅਦਾਕਾਰਾ ਈਸ਼ਾ ਰਿੱਖੀ ਨਾਲ ਇੱਕ ਨਿੱਜੀ ਸਮਾਗਮ ਵਿੱਚ ਵਿਆਹ ਕਰਵਾ ਲਿਆ ਹੈ। ਹਾਲਾਂਕਿ ਇਸ ਜੋੜੀ ਨੇ ਅਜੇ ਤੱਕ ਅਧਿਕਾਰਤ ਤੌਰ ‘ਤੇ ਕੋਈ ਐਲਾਨ ਨਹੀਂ ਕੀਤਾ ਹੈ, ਪਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਤਸਵੀਰਾਂ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।
ਵਾਇਰਲ ਹੋ ਰਹੀਆਂ ਤਸਵੀਰਾਂ ਅਤੇ ਵੀਡੀਓਜ਼ ਦੇ ਅਨੁਸਾਰ, ਇਹ ਵਿਆਹ ਬੇਹੱਦ ਨਿੱਜੀ ਰੱਖਿਆ ਗਿਆ ਸੀ, ਜਿਸ ਵਿੱਚ ਸਿਰਫ਼ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਏ ਸਨ। ਦਿਲਚਸਪ ਗੱਲ ਇਹ ਹੈ ਕਿ ਨਾ ਤਾਂ ਬਾਦਸ਼ਾਹ ਅਤੇ ਨਾ ਹੀ ਈਸ਼ਾ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲਜ਼ ‘ਤੇ ਕੋਈ ਫੋਟੋ ਸਾਂਝੀ ਕੀਤੀ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ ਵਿੱਚ ਬਾਦਸ਼ਾਹ ਆਈਵਰੀ ਕੁੜਤਾ ਸੈੱਟ ਵਿੱਚ ਨਜ਼ਰ ਆ ਰਹੇ ਹਨ, ਜਦਕਿ ਈਸ਼ਾ ਰਿੱਖੀ ਨੇ ਰਵਾਇਤੀ ਲਾਲ ਰੰਗ ਦਾ ਪੰਜਾਬੀ ਸਲਵਾਰ ਸੂਟ ਪਾਇਆ ਹੋਇਆ ਹੈ। ਇੱਕ ਖ਼ਾਸ ਤਸਵੀਰ ਵਿੱਚ ਈਸ਼ਾ ਲਿਫਟ ਦੇ ਅੰਦਰ ਬਾਦਸ਼ਾਹ ਨਾਲ ਪੋਜ਼ ਦੇ ਰਹੀ ਹੈ, ਜਿੱਥੇ ਉਸ ਦੇ ਸਿੰਦੂਰ, ਹੱਥਾਂ ਵਿੱਚ ਚੂੜਾ ਅਤੇ ਕਲੀਰੇ ਸਾਫ਼ ਦੇਖੇ ਜਾ ਸਕਦੇ ਹਨ। ਇਨ੍ਹਾਂ ਵਿਜ਼ੂਅਲਸ ਨੇ ਇਸ ਖ਼ਬਰ ‘ਤੇ ਮੋਹਰ ਲਗਾ ਦਿੱਤੀ ਹੈ ਕਿ ਦੋਵੇਂ ਹੁਣ ਅਧਿਕਾਰਤ ਤੌਰ ‘ਤੇ ਪਤੀ-ਪਤਨੀ ਬਣ ਚੁੱਕੇ ਹਨ। ਦੱਸ ਦੇਈਏ ਕਿ ਇਹ ਬਾਦਸ਼ਾਹ ਦਾ ਦੂਜਾ ਵਿਆਹ ਹੈ।














