ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਚੰਡੀਗੜ੍ਹ ਰੋਡ ’ਤੇ ਸਥਿਤ ਮੋਤੀ ਨਗਰ ਇਲਾਕੇ ’ਚ ਐਮਸਨ ਰਿਜ਼ੌਰਟ ’ਚ ਖੁੱਲ੍ਹੀ ਚਰਚਾ ’ਚ ਹਿੱਸਾ ਲੈਣ ਲਈ ਪੁੱਜੇ। ਇਸ ਦੌਰਾਨ ਪੰਜਾਬ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਵੀ ਮੌਜੂਦ ਰਹੇ। ਦੋਵਾਂ ਨੇ ਅੱਜ ਫਿਰ ਆਖਿਆ ਕਿ ਕਾਂਗਰਸ 13 ਲੋਕ ਸਭਾ ਸੀਟਾਂ ’ਤੇ ਇਕੱਲਿਆਂ ਚੋਣ ਲੜੇਗੀ, ਜਿਸ ਲਈ ਤਿਆਰੀ ਕੀਤੀ ਜਾ ਰਹੀ ਹੈ। ਰਾਜਾ ਵੜਿੰਗ ਨੇ ਦੱਸਿਆ ਕਿ 8 ਲੋਕ ਸਭਾ ਹਲਕਿਆਂ ’ਚ ਇਹ ਖੁੱਲ੍ਹੀ ਚਰਚਾ ਹੋ ਚੁੱਕੀ ਹੈ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਆਮ ਵਰਕਰ ਪੰਜਾਬ ਇੰਚਾਰਜ ਨਾਲ ਖੁੱਲ੍ਹ ਕੇ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਰੂਰੀ ਨਹੀਂ ਹੈ ਕਿ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਫੋਟੋ ਹਰ ਥਾਂ ਲੱਗੇ। ਉਨ੍ਹਾਂ ਕਿਹਾ ਕਿ ਕਾਫ਼ੀ ਸਾਰੇ ਪੰਜਾਬ ਦੇ ਆਗੂ ਹਨ ਜਿਨ੍ਹਾਂ ਦੀ ਫੋਟੋ ਪੋਸਟਰ ਵਿੱਚ ਨਹੀਂ ਹੈ। ਪੰਜਾਬ ਕਾਂਗਰਸ ਦੇ ਅਹੁਦੇਦਾਰ ਅਨੁਸਾਰ ਹੀ ਫੋਟੋ ਲਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਵੀ ਕਿਸੇ ਸਮੇਂ ਸਾਬਕਾ ਹੋ ਜਾਵੇਗਾ। ਇਸ ਲਈ ਜ਼ਰੂਰੀ ਨਹੀਂ ਕਿ ਜੇ ਉਹ ਸਾਬਕਾ ਹੋ ਜਾਣਗੇ ਤਾਂ ਉਨ੍ਹਾਂ ਦੀ ਫੋਟੋ ਹਰ ਥਾਂ ਲੱਗੇ।