ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ ਇਸ ਵਾਰ ਪਟਿਆਲਾ ਤੋਂ ਕਾਂਗਰਸ ਦੀ ਉਮੀਦਵਾਰ ਨਹੀਂ ਹੋਣਗੇ। ਇਹ ਦਾਅਵਾ ਅੱਜ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਨੀਤ ਕੌਰ ਨੂੰ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲ ਕਰਨ ਜਾਂ ਕੱਢਣ ਵਿਚ ਕੋਈ ਫਰਕ ਨਹੀਂ ਹੈ।
ਉਂਜ ਉਨ੍ਹਾਂ ਕਿਹਾ ਕਿ ਪਰਨੀਤ ਕੌਰ ਸਾਡੇ ਸਤਿਕਾਰਯੋਗ ਹਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪਾਰਟੀ ਪਟਿਆਲਾ ਤੋਂ ਆਪਣਾ ਉਮੀਦਵਾਰ ਕਿਸ ਨੂੰ ਬਣਾ ਰਹੀ ਹੈ। ਇਸ ‘ਤੇ ਉਨ੍ਹਾਂ ਜਵਾਬ ਦਿੱਤਾ ਕਿ ਇਸ ਦਾ ਫੈਸਲਾ ਦਿੱਲੀ ਹਾਈਕਮਾਨ ਨੇ ਲੈਣਾ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਲੋਕ ਸਭਾ ਚੋਣਾਂ ਨੂੰ ਲੈ ਕੇ ਪਟਿਆਲਾ ਪਹੁੰਚੇ ਹੋਏ ਸਨ। ਉਨ੍ਹਾਂ ਨਾਲ ਪਾਰਟੀ ਇੰਚਾਰਜ ਦੇਵੇਂਦਰ ਯਾਦਵ ਸਮੇਤ ਸਾਰੇ ਸੀਨੀਅਰ ਆਗੂ ਮੌਜੂਦ ਸਨ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਅਨੁਸ਼ਾਸਨ ਤੋੜਨ ਵਾਲਿਆਂ ਨੂੰ ਮੁਆਫ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਖਰਾਬੀ ਕਰਨ ਵਾਲੇ ਨੂੰ ਨੋਟਿਸ ਨਹੀਂ ਬਾਹਰ ਕੱਢਾਂਗੇ ਕਿਉਂਕਿ ਕਾਂਗਰਸ ‘ਚ ਪਾਰਟੀ ਤੋਂ ਵੱਡਾ ਕੋਈ ਨਹੀ।
ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਰਹਿੰਦਿਆਂ ਕੋਈ ਵੀ ਆਪਣੇ ਨਿੱਜੀ ਵਿਚਾਰ ਨਹੀਂ ਰੱਖ ਸਕਦਾ। ਜਿਸ ਨੇ ਆਪਣਾ ਕੰਮ ਚਲਾਉਣਾ ਹੈ, ਕਾਂਗਰਸ ਦੇ ਪਲੇਟਫਾਰਮ ਤੋਂ ਬਿਨਾਂ ਚਲਾ ਸਕਦਾ ਹੈ। ਦੱਸ ਦੇਈਏ ਕਿ ਪੰਜਾਬ ਕਾਂਗਰਸ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੀ ਰਣਨੀਤੀ ਬਣਾਉਣ ਵਿਚ ਲੱਗੀ ਹੋਈ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕਾਂਗਰਸ ਪ੍ਰਧਾਨ ਮਲਿੱਕਾਰਜੁਨ ਖੜਗੇ ਫਰਵਰੀ ਵਿਚ ਪੰਜਾਬ ਆਉਣਗੇ। ਕਾਂਗਰਸ 11 ਫਰਵਰੀ ਨੂੰ ਕਨਵੈਨਸ਼ਨ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਵਿੱਚ ਸੂਬੇ ਦੇ 20 ਹਜ਼ਾਰ ਤੋਂ ਵੱਧ ਵਰਕਰ ਹਿੱਸਾ ਲੈਣਗੇ। ਕਨਵੈਨਸ਼ਨ ਲਈ ਲੁਧਿਆਣਾ ਜਾਂ ਇਸ ਦੇ ਆਸ-ਪਾਸ ਜਗ੍ਹਾ ਦੀ ਤਲਾਸ਼ ਕੀਤੀ ਜਾ ਰਹੀ ਹੈ। ਪਹਿਲੀ ਵਾਰ ਸੂਬਾ ਪੱਧਰੀ ਕਨਵੈਨਸ਼ਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।