ਸੰਸਦ ਸੈਸ਼ਨ ਦੌਰਾਨ ਸੋਮਵਾਰ ਦਾ ਦਿਨ ਹੰਗਾਮੇ ਭਰਿਆ ਰਿਹਾ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਜਿਵੇਂ ਹੀ ਦੁਪਹਿਰ ਬਾਅਦ ਲੋਕ ਸਭਾ ਵਿੱਚ ਬੋਲਣਾ ਸ਼ੁਰੂ ਕੀਤਾ ਤਾਂ ਹੰਗਾਮਾ ਸ਼ੁਰੂ ਹੋ ਗਿਆ। ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਦੌਰਾਨ ਭਗਵਾਨ ਸ਼ਿਵਜੀ ਦੀ ਤਸਵੀਰ ਨੂੰ ਲਹਿਰਾਇਆ। ਇਸ ਦੌਰਾਨ ਸਪੀਕਰ ਨੇ ਉਨ੍ਹਾਂ ਨੂੰ ਨਿਯਮਾਵਲੀ ਦਿਖਾ ਦਿੱਤੀ। ਰਾਹੁਲ ਨੇ ਕਿਹਾ, ‘ਅੱਜ ਮੈਂ ਆਪਣੇ ਭਾਸ਼ਣ ਦੀ ਸ਼ੁਰੂਆਤ ਆਪਣੇ ਭਾਜਪਾ ਅਤੇ ਆਰਐਸਐਸ ਦੇ ਦੋਸਤਾਂ ਨੂੰ ਆਪਣੇ ਵਿਚਾਰ ਬਾਰੇ ਦੱਸ ਕੇ ਆਪਣਾ ਭਾਸ਼ਣ ਸ਼ੁਰੂ ਕਰ ਰਿਹਾ ਹਾਂ, ਜਿਸ ਦੀ ਵਰਤੋਂ ਅਸੀਂ ਸੰਵਿਧਾਨ ਦੀ ਰੱਖਿਆ ਲਈ ਕਰਦੇ ਹਾਂ।’

ਪੀਐਮ ਮੋਦੀ ‘ਤੇ ਸਿੱਧਾ ਹਮਲਾ
ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸਿੱਧਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਮੈਂ ‘ਬਾਇਉਲੋਜੀਕਲ’ ਹਾਂ ਪਰ ਪ੍ਰਧਾਨ ਮੰਤਰੀ ‘ਬਾਇਉਲੋਜੀਕਲ’ ਨਹੀਂ ਹਨ। ਜਦੋਂ ਰਾਹੁਲ ਗਾਂਧੀ ਆਪਣਾ ਭਾਸ਼ਣ ਦੇ ਰਹੇ ਸਨ ਤਾਂ ਸਪੀਕਰ ਨੇ ਉਨ੍ਹਾਂ ਨੂੰ ਕਿਸੇ ਮੁੱਦੇ ‘ਤੇ ਟੋਕ ਦਿੱਤਾ। ਇਸ ‘ਤੇ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਸ਼ਿਵਜੀ ਦੀ ਫੋਟੋ ਦਿਖਾ ਦਿੱਤੀ ਤੇ ਤੁਸੀਂ ਗੁੱਸਾ ਹੋ ਗਏ।

‘ਸ਼ਿਵਜੀ ਕਹਿੰਦੇ ਹਨ, ਡਰੋ ਨਾ , ਡਰਾਓ ਨਾ ‘
ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ‘ਚ ਕਿਹਾ, ‘ਭਾਰਤ ਨੇ ਕਦੇ ਕਿਸੇ ‘ਤੇ ਹਮਲਾ ਨਹੀਂ ਕੀਤਾ। ਇਸ ਦਾ ਕਾਰਨ ਇਹ ਹੈ ਕਿ ਭਾਰਤ ਅਹਿੰਸਾ ਦਾ ਦੇਸ਼ ਹੈ, ਇਹ ਡਰਦਾ ਨਹੀਂ ਹੈ। ਸਾਡੇ ਮਹਾਪੁਰਸ਼ਾਂ ਨੇ ਇਹ ਸੰਦੇਸ਼ ਦਿੱਤਾ ਸੀ- ਡਰੋ ਨਾ , ਡਰਾਓ ਨਾ । ਸ਼ਿਵਜੀ ਕਹਿੰਦੇ ਹਨ – ਡਰੋ ਨਾ , ਡਰਾਓ ਨਾ ਅਤੇ ਤ੍ਰਿਸ਼ੂਲ ਨੂੰ ਜ਼ਮੀਨ ਵਿੱਚ ਦੱਬ ਦਿੰਦੇ ਹਨ। ਦੂਜੇ ਪਾਸੇ ਆਪਣੇ ਆਪ ਨੂੰ ਹਿੰਦੂ ਕਹਾਉਣ ਵਾਲੇ 24 ਘੰਟੇ ਹਿੰਸਾ-ਹਿੰਸਾ-ਹਿੰਸਾ ਅਤੇ ਨਫ਼ਰਤ-ਨਫ਼ਰਤ…ਤੁਸੀਂ ਹਿੰਦੂ ਹੋ ਹੀ ਨਹੀਂ। ਹਿੰਦੂ ਧਰਮ ਵਿੱਚ ਸਾਫ਼ ਲਿਖਿਆ ਹੈ ਕਿ ਸੱਚ ਦਾ ਸਾਥ ਦੇਣਾ ਚਾਹੀਦਾ ਹੈ।

ਭਾਜਪਾ ਲਈ ਸਿਰਫ਼ ਸੱਤਾ ਮਾਇਨੇ ਰੱਖਦੀ ਹੈ
ਭਗਵਾਨ ਸ਼ਿਵ ਨੂੰ ਆਪਣੇ ਲਈ ਪ੍ਰੇਰਨਾ ਦੱਸਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਤੋਂ ਪ੍ਰਤੀਕੂਲ ਹਾਲਾਤਾਂ ਵਿੱਚ ਸੰਘਰਸ਼ ਦੀ ਪ੍ਰੇਰਨਾ ਮਿਲੀ ਹੈ। ਉਨ੍ਹਾਂ ਦੇ ਖੱਬੇ ਹੱਥ ਵਿੱਚ ਤ੍ਰਿਸ਼ੂਲ ਦਾ ਅਰਥ ਹੈ ਅਹਿੰਸਾ। ਅਸੀਂ ਬਿਨਾਂ ਕਿਸੇ ਹਿੰਸਾ ਦੇ ਸੱਚ ਦੀ ਰੱਖਿਆ ਕੀਤੀ ਹੈ। ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਲਈ ਸਿਰਫ ਸੱਤਾ ਮਾਇਨੇ ਰੱਖਦੀ ਹੈ।

‘ਈਡੀ ਨੇ ਪੁੱਛਗਿੱਛ ਕੀਤੀ , ਅਧਿਕਾਰੀ ਵੀ ਹੈਰਾਨ ਸਨ ‘
ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਉਨ੍ਹਾਂ ਖ਼ਿਲਾਫ਼ ਝੂਠੇ ਕੇਸ ਦਰਜ ਕੀਤੇ ਗਏ ਹਨ। ਰਾਹੁਲ ਨੇ ਕਿਹਾ, ‘ਈਡੀ ਨੇ ਮੇਰੇ ਤੋਂ ਪੁੱਛਗਿੱਛ ਕੀਤੀ, ਅਧਿਕਾਰੀ ਵੀ ਹੈਰਾਨ ਰਹਿ ਗਏ। ਇੰਡੀਆ ਗੱਠਜੋੜ ਦੇ ਆਗੂਆਂ ਨੂੰ ਜੇਲ੍ਹ ਵਿੱਚ ਰੱਖਿਆ ਗਿਆ। ਓ.ਬੀ.ਸੀ.-ਐਸ.ਸੀ.-ਐਸ.ਟੀ. ਦੀ ਗੱਲ ਕਰਨ ਵਾਲਿਆਂ ਖਿਲਾਫ ਕੇਸ ਦਰਜ ਕੀਤੇ ਜਾ ਰਹੇ ਹਨ।

‘ਭਗਵਾਨ ਰਾਮ ਦੀ ਜਨਮ ਭੂਮੀ ਨੇ ਦਿੱਤਾ ਭਾਜਪਾ ਨੂੰ ਮੈਸੇਜ਼’
ਰਾਹੁਲ ਗਾਂਧੀ ਨੇ ਕਿਹਾ ਕਿ ਭਗਵਾਨ ਰਾਮ ਦੀ ਜਨਮ ਭੂਮੀ ਅਯੁੱਧਿਆ ਨੇ ਭਾਜਪਾ ਨੂੰ ਮੈਸੇਜ਼ ਦਿੱਤਾ ਹੈ। ਅਵਧੇਸ਼ ਪ੍ਰਸਾਦ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਿਹਾ ਇਹ ਮੈਸੇਜ਼ ਤੁਹਾਡੇ ਸਾਹਮਣੇ ਬੈਠੇ ਹੋਏ ਹਨ। ਕੱਲ੍ਹ ਕੌਫੀ ਪੀਂਦਿਆਂ ਮੈਂ ਇਨ੍ਹਾਂ ਨੂੰ ਪੁੱਛਿਆ ਕੀ ਹੋਇਆ? ਤੁਹਾਨੂੰ ਕਦੋਂ ਪਤਾ ਲੱਗਾ ਕਿ ਤੁਸੀਂ ਅਯੁੱਧਿਆ ਵਿੱਚ ਜਿੱਤ ਰਹੇ ਹੋ? ਉਨ੍ਹਾਂ ਕਿਹਾ ਕਿ ਪਹਿਲੇ ਦਿਨ ਤੋਂ ਹੀ ਪਤਾ ਸੀ। ਅਯੁੱਧਿਆ ਵਿੱਚ ਹਵਾਈ ਅੱਡਾ ਬਣਿਆ, ਜ਼ਮੀਨ ਖੋਹ ਲਈ ਗਈ ਅਤੇ ਅੱਜ ਤੱਕ ਮੁਆਵਜ਼ਾ ਨਹੀਂ ਮਿਲਿਆ। ਸਾਰੇ ਛੋਟੇ ਦੁਕਾਨਦਾਰਾਂ ਅਤੇ ਛੋਟੀਆਂ ਇਮਾਰਤਾਂ ਨੂੰ ਢਾਹ ਦਿੱਤਾ ਗਿਆ ਅਤੇ ਉਨ੍ਹਾਂ ਲੋਕਾਂ ਨੂੰ ਸੜਕਾਂ ‘ਤੇ ਕਰ ਦਿੱਤਾ ਗਿਆ।