ਕਿਊਬਿਕ ਦੀ ਇੱਕ ਅਧਿਆਪਕ ਯੂਨੀਅਨ, ਜੋ ਕਿ ਅਣਮਿੱਥੇ ਸਮੇਂ ਦੀ ਹੜਤਾਲ ‘ਤੇ ਹੈ, ਨੇ ਬੁੱਧਵਾਰ ਰਾਤ ਨੂੰ ਕਿਹਾ ਕਿ ਉਹ ਤਨਖ਼ਾਹਾਂ ਅਤੇ ਕੰਮ-ਕਾਜ ਦੀਆਂ ਸਥਿਤੀਆਂ ਦੇ ਮੁੱਦੇ ‘ਤੇ ਸਰਕਾਰ ਨਾਲ ਇੱਕ ਅਸਥਾਈ ਸਮਝੌਤੇ ‘ਤੇ ਪਹੁੰਚ ਗਈ ਹੈ।
ਵੀਰਵਾਰ ਨੂੰ ਆਰਜ਼ੀ ਸਮਝੌਤਾ Fédération autonome de l’enseignement (FAE) ਯੂਨੀਅਨ ਦੀ ਕੌਂਸਲ ਨੂੰ ਦਿੱਤਾ ਜਾਵੇਗਾ, ਜਿੱਥੇ ਯੂਨੀਅਨ ਮੈਂਬਰਾਂ ਦੀ ਵੋਟਿੰਗ ਤੋਂ ਪਹਿਲਾਂ ਇਹ ਫ਼ੈਸਲਾ ਕੀਤਾ ਜਾਣਾ ਜ਼ਰੂਰੀ ਹੋਵੇਗਾ ਕਿ ਕੀ ਇਹ ਆਰਜ਼ੀ ਸਮਝੌਤਾ ਇੱਕ ਸ਼ੁਰੂਆਤੀ ਸਿਧਾਂਤਕ ਸਮਝੌਤਾ ਹੈ।
ਜੇਕਰ ਇਹ ਡੀਲ ਮਨਜ਼ੂਰ ਹੁੰਦੀ ਹੈ, ਤਾਂ ਇਸ ਨਾਲ 23 ਨਵੰਬਰ ਤੋਂ ਚਲ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਸਮਾਪਤ ਹੋ ਜਾਵੇਗੀ ਜਿਸ ਕਾਰਨ 800 ਸਕੂਲ ਬੰਦ ਹਨ ਅਤੇ 368,000 ਵਿਦਿਆਰਥੀ ਘਰਾਂ ਵਿਚ ਬੈਠੇ ਹਨ।FAE ਦੀ ਪ੍ਰਧਾਨ ਮੈਲੇਨੀ ਹਿਊਬਰਟ ਨੇ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ, FAE ਦੇ 66,500 ਮੈਂਬਰਾਂ ਨੇ ਆਪਣੀ ਗੱਲ ਸੁਣਾਉਣ ਲਈ, ਬਿਨਾਂ ਤਨਖ਼ਾਹ ਦੇ, ਸੜਕਾਂ ‘ਤੇ 22 ਦਿਨ ਬਿਤਾਏ ਹਨ। ਅਸੀਂ ਅੱਗੇ ਆਪਣੇ ਆਪ ਨੂੰ ਪ੍ਰਗਟ ਕਰਨ ਤੋਂ ਪਹਿਲਾਂ ਆਪਣੀਆਂ ਜਮਹੂਰੀ ਪ੍ਰਕਿਰਿਆਵਾਂ ਦਾ ਸਨਮਾਨ ਕਰਾਂਗੇ।