ਪੰਜਾਬੀਆਂ ਨੇ ਆਪਣੀ ਮਿਹਨਤ ਤੇ ਲਗਨ ਨਾਲ ਵਿਦੇਸ਼ਾਂ ਵਿਚ ਕਈ ਝੰਡੇ ਗੱਡੇ ਹਨ। ਹੁਣ ਤੱਕ ਵਿਦੇਸ਼ਾਂ ਵਿਚ ਬਹੁਤ ਸਾਰੀਆਂ ਉਪਲਬਧੀਆਂ ਪੰਜਾਬੀਆਂ ਦੇ ਨਾਂ ਹਨ। ਅਜਿਹੀ ਹੀ ਇਕ ਉਪਲਬਧੀ ਅਜਨਾਲਾ ਨੇੜਲੇ ਪਿੰਡ ਹਰੜ ਕਲਾਂ ਦੀ ਜੰਮਪਲ ਕੋਮਲਜੀਤ ਕੌਰ ਬੱਲ ਨੇ ਹਾਸਲ ਕੀਤੀ ਹੈ ਜੋ ਕਿ ਕੈਨੇਡਾ ‘ਚ ਫੈਡਰਲ ਕਰੈਕਸ਼ਨਲ ਅਫਸਰ ਬਣੀ ਹੈ। ਅਜਿਹਾ ਕਰਕੇ ਉਸ ਨੇ ਮਾਪਿਆਂ ਹੀ ਨਹੀਂ ਸਗੋਂ ਜ਼ਿਲ੍ਹਾ ਅੰਮ੍ਰਿਤਸਰ ਦਾ ਨਾਂ ਰੌਸ਼ਨ ਕੀਤਾ ਹੈ। ਕੋਮਲਜੀਤ ਕੌਰ ਬੱਲ ਦੇ ਕੈਨੇਡਾ ’ਚ ਪੁਲਿਸ ਪੀਸ ਅਫਸਰ ਚੁਣੇ ਜਾਣ ‘ਤੇ ਪੂਰੇ ਪਿੰਡ ਵਿਚ ਖੁਸ਼ੀ ਦੀ ਲਹਿਰ ਹੈ ਤੇ ਪਰਿਵਾਰਕ ਮੈਂਬਰਾਂ ਨੂੰ ਰਿਸ਼ਤੇਦਾਰ, ਸਾਕ-ਸਬੰਧੀ ਤੇ ਪਿੰਡ ਦੇ ਰਹਿਣ ਵਾਲੇ ਲੋਕਾਂ ਤੋਂ ਵਧਾਈਆਂ ਮਿਲ ਰਹੀਆਂ ਹਨ। ਪਿਤਾ ਮਨਵੀਰ ਸਿੰਘ ਰਵੀ ਬੱਲ ਧੀ ਦੇ ਕੈਨੇਡਾ ਵਿਚ ਅਫਸਰ ਬਣਨ ‘ਤੇ ਬਹੁਤ ਹੀ ਮਾਣ ਮਹਿਸੂਸ ਕਰ ਰਹੇ ਹਨ।
ਦੱਸ ਦੇਈਏ ਕਿ ਕੋਮਲਜੀਤ ਅਜਨਾਲਾ ਸ਼ਹਿਰ ’ਚ ਆਲ ਸੇਂਟ ਕਾਨਵੈਂਟ ਸਕੂਲ ’ਚ ਮੈਟ੍ਰਿਕ ਪ੍ਰੀਖਿਆ ਅੱਵਲ ਪੁਜੀਸ਼ਨ ’ਚ ਪਾਸ ਕੀਤੀ। ਇਸ ਤੋਂ ਬਾਅਦ ਸਾਹਿਬਜਾਦਾ ਅਜੀਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਤੋਂ ਬਾਰ੍ਹਵੀਂ ਜਮਾਤ ਮੈਰਿਟ ਪੁਜੀਸ਼ਨ ’ਚ ਪਾਸ ਕਰ ਕੇ ਉਚੇਰੀ ਸਿੱਖਿਆ ਲਈ ਕੈਨੇਡਾ ਦੇ ਸ਼ਹਿਰ ਕੈਲਗਰੀ ਪੁੱਜੀ। ਕੋਮਲਜੀਤ ਕੌਰ ਆਪਣੀ ਮਿਹਨਤ ਤੇ ਲਗਨ ਸਦਕਾ ਕੈਨੇਡਾ ਵਿਚ ਪੁਲਿਸ ਪੀਸ ਅਫਸਰ ਬਣੀ ਹੈ। ਅਜਿਹਾ ਕਰਕੇ ਉਸ ਨੇ ਆਪਣੇ ਮਾਪਿਆਂ ਦਾ ਹੀ ਨਹੀਂ ਸਗੋਂ ਤਹਿਸੀਲ ਅਜਨਾਲਾ ਸਣੇ ਜ਼ਿਲ੍ਹੇ ਅੰਮ੍ਰਿਤਸਰ ਦਾ ਨਾਂ ਵੀ ਰੌਸ਼ਨ ਕੀਤਾ ਹੈ।