ਪਠਾਨਕੋਟ ਦਾ ਰਹਿਣ ਵਾਲਾ 26 ਸਾਲਾ ਜਗਮੀਤ ਸਿੰਘ ਪਨਾਮਾ ਦੇ ਜੰਗਲਾਂ ਵਿੱਚ ਲਾਪਤਾ ਹੋ ਗਿਆ ਹੈ। ਉਸ ਨੂੰ 45 ਲੱਖ ਰੁਪਏ ਵਿਚ ਅਮਰੀਕਾ ਭੇਜਣ ਦੇ ਸੁਪਨੇ ਦਿਖਾਏ ਗਏ। ਪਰ ਉਸ ਨੂੰ ਫਲਾਈਟ ਰਾਹੀਂ ਭੇਜਣ ਦਾ ਵਾਅਦਾ ਕਰਨ ਤੋਂ ਬਾਅਦ, ਉਸ ਨੂੰ ਡੰਕੀ ਰੂਟ ਰਾਹੀਂ ਭੇਜਿਆ ਗਿਆ, ਜਿਥੇ ਅਕਸਰ ਬੇਈਮਾਨ ਏਜੰਟ ਕਈ ਦਿਨਾਂ ਤੱਕ ਮੁੰਡੇ-ਕੁੜੀਆਂ ਨੂੰ ਅਮਰੀਕਾ ਬਾਰਡਰ ਤੱਕ ਲਿਜਾਣ ਲਈ ਪਹਾੜਾਂ ਤੇ ਦਲਦਲੀ ਰਸਤਿਆਂ ‘ਤੇ ਤੁਰਨ ਲਈ ਮਜਬੂਰ ਕਰਦੇ ਹਨ।
19 ਦਸੰਬਰ ਨੂੰ ਜਗਮੀਤ ਨੇ ਆਖਰੀ ਵਾਰ ਆਪਣੇ ਪਰਿਵਾਰ ਨੂੰ ਲੋਕੇਸ਼ਨ ਭੇਜੀ ਸੀ, ਜੋ ਕਿ ਪਨਾਮਾ ਦੀ ਸੀ। ਪਠਾਨਕੋਟ ਪੁਲਿਸ ਨੇ ਪਿਤਾ ਜੋਗਿੰਦਰ ਸਿੰਘ ਦੀ ਸ਼ਿਕਾਇਤ ’ਤੇ ਕਾਹਨੂੰਵਾਨ ਦੇ ਟਰੈਵਲ ਏਜੰਟ ਜੋੜੇ ਪਰਮਿੰਦਰ ਸਿੰਘ ਅਤੇ ਬਲਵਿੰਦਰ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤ ਮੁਤਾਬਕ ਲਾਪਤਾ ਜਗਮੀਤ ਦੇ ਮਾਪਿਆਂ ਨੂੰ ਏਜੰਟਾਂ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਜਗਮੀਤ ਨੂੰ ਸਿੱਧੀ ਫਲਾਈਟ ਰਾਹੀਂ ਅਮਰੀਕਾ ਭੇਜ ਦਿੱਤਾ ਜਾਵੇਗਾ। ਪਰ ਆਖਰੀ ਸਮੇਂ ‘ਤੇ ਉਸ ਨੂੰ ਡੰਕੀ ਰੂਟ ਤੋਂ ਜਾਣ ਲਈ ਮਜਬੂਰ ਕੀਤਾ ਗਿਆ। ਜਗਮੀਤ ਆਖਰੀ ਵਾਰ ਆਪਣੇ ਮਾਤਾ-ਪਿਤਾ ਤੋਂ 19 ਦਸੰਬਰ ਨੂੰ ਸੰਪਰਕ ਵਿੱਚ ਆਇਆ ਸੀ ਅਤੇ ਉਦੋਂ ਉਸ ਦੀ ਲੋਕੇਸ਼ਨ ਪਨਾਮਾ ਜੰਗਲਾਂ ਦੀ ਪਾਈ ਗਈ ਸੀ।
ਪਠਾਨਕੋਟ ਦੇ ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਖੁਦ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਿਸ ਇਸ ਮਾਮਲੇ ਨੂੰ 26 ਦਸੰਬਰ ਦੀ ਫਰਾਂਸ ਵਿੱਚ ਰੋਕੀ ਗਈ ਨਿਕਾਰਗੁਆ ਜਾਣ ਵਾਲੀ ਡੰਕੀ ਮਾਰਗ ਫਲਾਈਟ ਤੋਂ ਵੀ ਜੋੜ ਕਰ ਦੇਖ ਰਹੀ ਹੈ। ਫਿਲਹਾਲ ਦੋਵੇਂ ਪਤੀ-ਪਤਨੀ ਏਜੰਟਾਂ ‘ਤੇ ਪੁਲਿਸ ਨੇ ਧਾਰਾ 420 (ਧੋਖਾਧੜੀ), 346 (ਗਲਤ ਤਰੀਕੇ ਨਾਲ ਲੁਕਾਉਣਾ) ਤੇ ਮਾਈਗ੍ਰੇਸ਼ਨ ਐਕਟ ਦੀ ਧਾਰਾ 24 ਦੇ ਤਹਿਤ FIR ਕੀਤੀ ਹੈ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਦੋਵੇਂ ਦੋਸ਼ੀ ਏਜੰਟ ਦੇ ਉਨ੍ਹਾਂ ਏਜੰਟਾਂ ਨਾਲ ਸਬੰਧ ਸਨ, ਜਿਨ੍ਹਾਂ ਨੇ ਨਿਕਾਰਗੁਆ ਦੀ ਯੋਜਨਾ ਬਣਾਈ ਸੀ।
ਪੁਲਿਸ ਜਗਮੀਤ ਦਾ ਪਤਾ ਲਗਾਉਣ ਲਈ ਡਿਜੀਟਲ ਫੁਟਪ੍ਰਿੰਟਸ ਦੀ ਮਦਦ ਲੈ ਰਹੀ ਹੈ। ਡਿਜੀਟਲ ਫੁਟਪ੍ਰਿੰਟਸ ਦੇ ਨਿਸ਼ਾਨ ਉਹ ਆਨਲਾਈਨ ਸਰਗਰਮੀਆਂ ਹਨ ਜੋ ਜਗਮੀਤ ਦੇ ਅੱਗੇ ਵਧਣ ਦੇ ਨਾਲ-ਨਾਲ ਪਿੱਛੇ ਛੱਡ ਗਿਆ, ਜਿਵੇਂ ਮੋਬਾਈਲ ਦੀ ਵਰਤੋਂ ਤੇ ਆਨਲਾਈਨ ਟਰਾਂਜ਼ੈਕਸ਼ਨ ਆਦਿ। ਇਸ ਤੋਂ ਜਗਮੀਤ ਦੀ ਮੂਵਮੈਂਟ ਦਾ ਪਤਾ ਲਾਉਣ ਵਿੱਚ ਸੌਖ ਹੋਵੇਗੀ।
ਜੋਗਿੰਦਰ ਨੇ ਏਜੰਟਾਂ ‘ਤੇ ਦੋਸ਼ ਲਾਇਆ ਹੈ ਕਿ ਸੌਦਾ 45 ਲੱਖ ਰੁਪਏ ‘ਚ ਤੈਅ ਹੋਇਆ ਸੀ, ਜਿਸ ਵਿੱਚੋਂ 15 ਲੱਖ ਰੁਪਏ ਐਡਵਾਂਸ ਦਿੱਤੇ ਗਏ ਸਨ। ਐਡਵਾਂਸ ਦੇਣ ਤੋਂ ਬਾਅਦ ਉਸ ਨੇ ਏਜੰਟ ਨੂੰ ਫੋਨ ਕਰਕੇ ਦੱਸਿਆ ਕਿ ਜਗਮੀਤ ਗੁਆਨਾ ਲਈ ਫਲਾਈਟ ‘ਚ ਸਵਾਰ ਹੋ ਗਿਆ ਹੈ, ਜਿੱਥੋਂ ਉਹ ਇਕ-ਦੋ ਦਿਨਾਂ ‘ਚ ਸੁਰੱਖਿਅਤ ਅਮਰੀਕਾ ਪਹੁੰਚ ਜਾਵੇਗਾ।