ਪਠਾਨਕੋਟ ਦਾ ਇਕ ਨੌਜਵਾਨ ਜਗਮੀਤ ਸਿੰਘ ਡੌਂਕੀ ਲਗਾ ਕੇ ਅਮਰੀਕਾ ਜਾ ਰਿਹਾ ਸੀ ਪਰ ਪਨਾਮਾ ਦੇ ਜੰਗਲਾਂ ਵਿਚ ਹੀ ਗੁੰਮ ਹੋ ਗਿਆ। ਨੌਜਵਾਨ ਦੀ ਇਕ ਮਹੀਨੇ ਤੋਂ ਅਪਣੇ ਪਰਿਵਾਰ ਨਾਲ ਕੋਈ ਗੱਲ ਨਹੀਂ ਹੋਈ ਹੈ। ਇਸ ਮਗਰੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ, ਜਿਸ ਦੇ ਚਲਦਿਆਂ ਪਠਾਨਕੋਟ ਪੁਲਿਸ ਨੇ ਦੋ ਲੋਕਾਂ ਵਿਰੁਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਪਰਿਵਾਰ ਅਨੁਸਾਰ ਏਜੰਟ ਨਾਲ 45 ਲੱਖ ਰੁਪਏ ਵਿਚ ਗੱਲ ਹੋਈ ਸੀ ਅਤੇ ਉਨ੍ਹਾਂ ਨੇ 15 ਦਿਨ ਵਿਚ ਨੌਜਵਾਨ ਨੂੰ ਅਮਰੀਕਾ ਪਹੁੰਚਾਉਣ ਦਾ ਦਾਅਵਾ ਕੀਤਾ ਸੀ। ਏਜੰਟ ਨੂੰ 15 ਲੱਖ ਰੁਪਏ ਨਕਦ ਵੀ ਦਿੱਤੇ ਗਏ ਸਨ। ਪਰਿਵਾਰ ਨੇ ਕਿਹਾ ਹੈ ਕਿ ਨੌਜਵਾਨ ਦੀ ਆਖਰੀ ਲੋਕੇਸ਼ਨ ਕੋਲੰਬੀਆ ਦੀ ਟਰੇਸ ਹੋਈ ਹੈ। ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਸ ਤੋਂ ਅੱਗੇ ਪਨਾਮਾ ਦੇ ਜੰਗਲ ਹਨ ਤਾਂ ਉਨ੍ਹਾਂ ਨੇ ਏਜੰਟ ਨਾਲ ਗੱਲ ਕੀਤੀ ਕਿ ਉਸ ਨੂੰ ਇਸ ਰਾਹ ਜ਼ਰੀਏ ਨਾ ਭੇਜਿਆ ਜਾਵੇ। ਇਸ ਤੋਂ ਬਾਅਦ ਨੌਜਵਾਨ ਪਨਾਮਾ ਦੇ ਜੰਗਲਾਂ ਵਿਚ ਗੁੰਮ ਹੋ ਗਿਆ। 19 ਦਸੰਬਰ 2023 ਤੋਂ ਬਾਅਦ ਜਗਮੀਤ ਦੀ ਪ੍ਰਵਾਰ ਨਾਲ ਗੱਲ ਨਹੀਂ ਹੋਈ। ਪੁਲਿਸ ਨੇ ਸ਼ਿਕਾਇਤ ਮਗਰੋਂ ਏਜੰਟ ਪਰਮਿੰਦਰ ਸਿੰਘ ਅਤੇ ਉਸ ਦੀ ਪਤਨੀ ਬਲਵਿੰਦਰ ਕੌਰ ਦੋਹਾਂ ਵਿਰੁਧ ਧਾਰਾ 346, 420 ਅਤੇ ਇੰਮੀਗ੍ਰੇਸ਼ਨ ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।