ਬਰੈਂਪਟਨ : ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ ਵਾਪਰੇ ਜਾਨਲੇਵਾ ਹਾਦਸੇ ਦੀ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਿਸ ਵੱਲੋਂ 19 ਸਾਲ ਦੇ ਗੁਰਮਨ ਚੀਮਾ ਨੂੰ ਗ੍ਰਿਫ਼ਤਾਰ ਕਰਦਿਆਂ ਖਤਰਨਾਕ ਤਰੀਕੇ ਨਾਲ ਡਰਾਈਵਿੰਗ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਨੇ ਦੱਸਿਆ ਕਿ ਹਾਦਸਾ 22 ਅਕਤੂਬਰ ਨੂੰ ਬਰੈਂਪਟਨ ਦੇ ਡਿਕਸੀ ਰੋਡ ਅਤੇ ਸੈਂਟਰਲ ਪਾਰਕ ਡਰਾਈਵ ਇਲਾਕੇ ਵਿਚ ਕੁਈਨ ਸਟ੍ਰੀਟ ਈਸਟ ਵਿਖੇ ਵਾਪਰਿਆ।
ਪੁਲਿਸ ਮੁਤਾਬਕ ਇਕ ਕਾਲੇ ਰੰਗ ਦੀ ਲੈਕਸਸ ਗੱਡੀ ਕੁਈਨ ਸਟ੍ਰੀਟ ਈਸਟ ’ਤੇ ਪੱਛਮ ਵੱਲ ਜਾ ਰਹੀ ਸੀ ਜਦੋਂ ਡਰਾਈਵਰ ਕੰਟਰੋਲ ਗੁਆ ਬੈਠਾ। ਗੱਡੀ ਬੇਕਾਬੂ ਹੋ ਕੇ ਪੂਰਬ ਵੱਲ ਜਾ ਰਹੀਆਂ ਲੇਨਜ਼ ਵਿਚ ਦਾਖਲ ਹੋ ਗਈ ਅਤੇ ਸਾਹਮਣੇ ਤੋਂ ਆ ਰਹੀਆਂ ਦੋ ਗੱਡੀਆਂ ਵਿਚ ਜਾ ਵੱਜੀ। ਹਾਦਸੇ ਦੌਰਾਨ 64 ਸਾਲਾ ਇਕ ਔਰਤ ਦਮ ਤੋੜ ਗਈ ਜਦਕਿ 54 ਸਾਲ ਦੀ ਇਕ ਹੋਰ ਔਰਤ ਜ਼ਖਮੀ ਹੋਈ। ਇਹ ਦੋਵੇਂ ਬਰੈਂਪਟਨ ਨਾਲ ਸਬੰਧਤ ਸਨ। ਕਈ ਹਫ਼ਤੇ ਤੱਕ ਚੱਲੀ ਪੜਤਾਲ ਮਗਰੋਂ 16 ਨਵੰਬਰ ਨੂੰ ਬਰੈਂਪਟਨ ਦੇ ਹੀ ਵਸਨੀਕ 19 ਸਾਲਾ ਗੁਰਮਨ ਚੀਮਾ ਵਿਰੁੱਧ ਖਤਰਨਾਕ ਤਰੀਕੇ ਨਾਲ ਡਰਾਈਵਿੰਗ ਕਰਦਿਆਂ ਮੌਤ ਦਾ ਕਾਰਨ ਬਣਨ ਦਾ ਦੋਸ਼ ਆਇਦ ਕੀਤਾ ਗਿਆ।