ਸਿਡਨੀ – ਪੰਜਾਬੀ ਵਿਦੇਸ਼ਾਂ ਵਿਚ ਆਏ ਦਿਨ ਅਪਣੇ ਮਾਪਿਆਂ ਦਾ ਨਾਮ ਚਮਕਾਉਂਦੇ ਰਹਿੰਦੇ ਹਨ। ਹੁਣ 15-ਸਾਲਾ ਕਿਰਤਪਾਲ ਸਿੰਘ ਨੇ ਸਿਡਨੀ ਵਿਚ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਦਰਅਸਲ ਕਿਰਤਪਾਲ ਸਿੰਘ ਵੈਸਟਰਨ ਸਿਡਨੀ ਵਾਂਡਰਰਜ਼ ਏ ਲੀਗ ਕਲੱਬ ਵਿਚ ਚੁਣਿਆ ਗਿਆ ਹੈ। ਸਿਡਨੀ ਦਾ ਵਸਨੀਕ ਇਹ ਪੰਜਾਬੀ ਨੌਜਵਾਨ ਪਿਛਲੇ ਸਾਲ ਮਾਰਕੋਨੀ ਕਲੱਬ ਲਈ ਖੇਡਿਆ ਸੀ ਤੇ ਇਸ ਵੇਲੇ ਉਹ ਨਿਊ ਸਾਊਥ ਵੇਲਜ਼ ਦੀ ਨੌਜਵਾਨ ਟੀਮ ਵਿਚ ਸ਼ਾਮਿਲ ਹੋਣ ਦਾ ਵੀ ਪ੍ਰਮੁੱਖ ਦਾਵੇਦਾਰ ਹੈ।
ਕਿਰਤਪਾਲ ਸਿੰਘ ਨੇ ਇਸ ਦੌਰਾਨ ਦੱਸਿਆ ਕਿ ਜਿਥੇ ਉਸ ਦਾ ਸੁਪਨਾ ਆਸਟ੍ਰੇਲੀਆ ਦੀ ਕੌਮੀ ਟੀਮ ਵਿਚ ਥਾਂ ਬਣਾਉਣ ਦਾ ਹੈ, ਉੱਥੇ ਉਹ ਯੂਰਪੀਅਨ ਲੀਗ ਵਿਚ ਵੀ ਖੇਡਣਾ ਚਾਹੁੰਦਾ ਹੈ। ਸਿਡਨੀ ਦੇ ਪੱਛਮੀ ਖੇਤਰ ਮਾਰਸਡਨ ਪਾਰਕ ਦੇ ਵਸਨੀਕ ਕਿਰਤਪਾਲ ਦਾ ਜੰਮਪਲ਼ ਸਿਡਨੀ ਦਾ ਹੀ ਹੈ ਅਤੇ ਉਹ ਇਸ ਵੇਲ਼ੇ ਸੇਂਟ ਲਿਊਕਸ ਕੈਥੋਲਿਕ ਕਾਲਜ ਦਾ ਵਿਦਿਆਰਥੀ ਹੈ।
2021 ਵਿਚ ਸਿਡਨੀ ਐਫਸੀ ਕੱਪ ਜਿੱਤਣ ਵਾਲੀ ਟੀਮ ਦਾ ਉਹ ਮੁੱਖ ਸਟਰਾਈਕਰ ਸੀ ਉਸ ਨੇ ਟੂਰਨਾਮੈਂਟ ਵਿਚ ਸਭ ਤੋਂ ਵੱਧ ਨੌ ਗੋਲ ਕੀਤੇ ਸਨ। ਕਿਰਤਪਾਲ ਨੇ ਦੱਸਿਆ ਕਿ ਉਸ ਦੀ ਖੇਡਾਂ ਵਿਚ ਰੁਚੀ ਆਪਣੇ ਪਿਤਾ ਜਸਵਿੰਦਰ ਸਿੰਘ ਨੂੰ ਖੇਡਦਿਆਂ ਵੇਖ ਪੈਦਾ ਹੋਈ। ਉਸ ਦੇ ਪਿਤਾ ਲੰਬੇ ਸਮੇਂ ਤੋਂ ਸਿਡਨੀ ਸਿੱਖਸ ਲਈ ਵਾਲੀਬਾਲ ਖੇਡ ਰਹੇ ਹਨ।
ਜਸਵਿੰਦਰ ਸਿੰਘ ਨੇ ਦੱਸਿਆ ਕਿ ਕਿਰਤਪਾਲ ਨੂੰ ਬਚਪਨ ਤੋਂ ਹੀ ਖੇਡਣ ਦਾ ਸ਼ੌਕ ਸੀ। “ਉਹ ਛੋਟੇ ਹੁੰਦੇ ਤੋਂ ਹੀ ਆਸਟ੍ਰੇਲੀਅਨ ਸਿੱਖ ਖੇਡਾਂ ਤੇ ਗ੍ਰਿਫਥ ਦੇ ਸ਼ਹੀਦੀ ਟੂਰਨਾਮੈਂਟ ਦਾ ਹਿੱਸਾ ਬਣਦਾ ਰਿਹਾ ਹੈ। ਕਈ ਸਥਾਨਕ ਕਲੱਬਾਂ ਨਾਲ ਖੇਡਣ ਤੋਂ ਬਾਅਦ ਉਸ ਨੂੰ 2023 ਵਿਚ ਸਿਡਨੀ ਦੇ ਮਾਰਕੋਨੀ ਕਲੱਬ ਲਈ ਵੀ ਖੇਡਣ ਦਾ ਮੌਕਾ ਮਿਲਿਆ।”
“ਵੈਸਟਰਨ ਸਿਡਨੀ ਵਾਂਡਰਰਜ਼ ਕਲੱਬ ਲਈ ਚੁਣੇ ਜਾਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਇਸ ਦਾ ਸਿਹਰਾ ਅਸੀਂ ਕਿਰਤਪਾਲ ਦੀ ਸਖਤ ਮਿਹਨਤ, ਆਤਮ ਵਿਸ਼ਵਾਸ ਅਤੇ ਅਨੁਸਾਸ਼ਨ ਨੂੰ ਦਿੰਦੇ ਹਾਂ। ਉਸ ਵਿੱਚ ਕੁਝ ਕਰ ਵਿਖਾਉਣ ਦਾ ਜਜ਼ਬਾ ਹੈ। ਅਸੀਂ ਉਸਨੂੰ ਆਸਟ੍ਰੇਲੀਆ ਦੀ ਕੌਮੀ ਟੀਮ ਵਿੱਚ ਖੇਡਦਾ ਵੇਖਣਾ ਚਾਹੁੰਦੇ ਹਾਂ।” ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਨੌਰਾ ਨਾਲ ਸਬੰਧ ਰੱਖਦੇ ਜਸਵਿੰਦਰ ਸਿੰਘ 1998 ਤੋਂ ਆਸਟ੍ਰੇਲੀਆ ਰਹਿ ਰਹੇ ਹਨ। ਉਹ ਪੇਸ਼ੇ ਵਜੋਂ ਇੱਕ ਟਰੱਕ ਮਾਲਿਕ/ਆਪਰੇਟਰ ਹਨ।