3 ਬੱਚਿਆਂ ਦੀ ਮਾਂ ਹਰਪ੍ਰੀਤ ਕੌਰ ਦਾ ਛੁਰੇ ਮਾਰ ਕੇ ਕੀਤਾ ਸੀ ਕਤਲ
ਸਰੀ: ਕੈਨੇਡਾ ਵਿਚ ਪਤਨੀ ਦਾ ਛੁਰੇ ਮਾਰ ਕੇ ਕਤਲ ਕਰਨ ਵਾਲੇ ਨਵਿੰਦਰ ਗਿੱਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਤਿੰਨ ਬੱਚਿਆਂ ਦੀ ਮਾਂ ਹਰਪ੍ਰੀਤ ਕੌਰ ਗਿੱਲ 7 ਦਸੰਬਰ 2022 ਨੂੰ ਸਰੀ ਦੇ ਇਕ ਘਰ ਵਿਚ ਗੰਭੀਰ ਜ਼ਖਮੀ ਹਾਲਤ ਵਿਚ ਮਿਲੀ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਜ਼ਖਮਾਂ ਦੀ ਤਾਬ ਨਾ ਝਲਦੀ ਹੋਈ ਦਮ ਤੋੜ ਗਈ।
ਸਰੀ ਦੇ 66 ਐਵੇਨਿਊ ਦੇ 12700 ਬਲਾਕ ਵਿਚਲੇ ਘਰ ਵਿਚ ਵਾਪਰੀ ਵਾਰਦਾਤ ਮਗਰੋਂ ਪੁਲਿਸ ਨੇ ਨਵਿੰਦਰ ਗਿੱਲ ਨੂੰ ਗ੍ਰਿਫ਼ਤਾਰ ਕਰ ਲਿਆ ਜਿਸ ਨੇ ਜੂਨ 2023 ਵਿਚ ਆਪਣਾ ਗੁਨਾਹ ਕਬੂਲ ਕਰ ਲਿਆ। ਬੀ.ਸੀ. ਦੀ ਪ੍ਰੋਵਿਨਸ਼ੀਅਲ ਕੋਰਟ ਵੱਲੋਂ ਸੁਣਾਏ ਫੈਸਲੇ ਮੁਤਾਬਕ ਨਵਿੰਦਰ ਗਿੱਲ 10 ਸਾਲ ਤੱਕ ਪੈਰੋਲ ਦਾ ਹੱਕਦਾਰ ਨਹੀਂ ਹੋਵੇਗਾ। ਆਈ ਹਿਟ ਦੇ ਬੁਲਾਰੇ ਸਾਰਜੈਂਟ ਟਿਮਥੀ ਪਿਅਰੌਟੀ ਨੇ ਕਿਹਾ ਕਿ ਜੀਵਨ ਸਾਥੀ ਨਾਲ ਹਿੰਸਾ ਦੀਆਂ ਘਟਨਾਵਾਂ ਪਰਵਾਰਾਂ ਅਤੇ ਕਮਿਊਨਿਟੀ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰਦੀਆਂ ਹਨ।
ਸਰੀ ਆਰ.ਸੀ.ਐਮ.ਪੀ. ਦੀ ਪੀੜਤ ਸੇਵਾਵਾਂ ਇਕਾਈ ਅਤੇ ਬੀ.ਸੀ. ਦੇ ਬਾਲ ਅਤੇ ਪਰਵਾਰ ਭਲਾਈ ਮੰਤਰਾਲੇ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬੱਚਿਆਂ ਨੂੰ ਸੰਭਾਲਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਅਦਾਲਤੀ ਸੁਣਵਾਈ ਦੌਰਾਨ ਨਵਿੰਦਰ ਗਿੱਲ ਦੇ ਵਕੀਲ ਨੇ ਕਿਹਾ ਕਿ ਉਸ ਦਾ ਮੁਵੱਕਲ ਆਪਣੇ ਗਲਤੀ ਮੰਨ ਗਿਆ ਹੈ ਅਤੇ ਉਸ ਨੂੰ ਆਪਣੇ ਕੀਤੇ ’ਤੇ ਬੇਹੱਦ ਅਫਸੋਸ ਹੈ।