ਜਗਮੀਤ ਗਰੇਵਾਲ ਨੂੰ ਹੋ ਸਕਦੀ ਹੈ 25 ਸਾਲ ਤੱਕ ਦੀ ਕੈਦ

ਮੌਂਟਰੀਅਲ : ਜਗਮੀਤ ਗਰੇਵਾਲ ਨੂੰ ਪੰਜ ਸਾਲ ਪਹਿਲਾਂ ਵਾਪਰੇ ਜਾਨਲੇਵਾ ਹਾਦਸੇ ਦਾ ਦੋਸ਼ੀ ਕਰਾਰ ਦਿਤਾ ਗਿਆ ਹੈ ਅਤੇ ਉਸ ਨੂੰ 25 ਸਾਲ ਤੱਕ ਕੈਦ ਹੋ ਸਕਦੀ ਹੈ। ਕੈਨੇਡਾ ਦੇ ਕਿਊਬੈਕ ਸੂਬੇ ਵਿਚ 5 ਅਗਸਤ 2019 ਨੂੰ ਵਾਪਰੇ ਹਾਦਸੇ ਦੌਰਾਨ ਚਾਰ ਜਣਿਆਂ ਦੀ ਮੌਤ ਹੋ ਗਈ ਸੀ ਜਦਕਿ 15 ਹੋਰ ਜ਼ਖਮੀ ਹੋਏ ਸਨ। ਅਦਾਲਤ ਵਿਚ ਸਾਬਤ ਹੋ ਗਿਆ ਕਿ ਜਗਮੀਤ ਸਿੰਘ ਨੇ ਪੋਸਟ ਟ੍ਰੌਮੈਟਿਕ ਸਟ੍ਰੈਸ ਡਿਸਆਰਡਰ ਅਤੇ ਡਾਇਬਟੀਜ਼ ਦੀ ਬਿਮਾਰੀ ’ਤੇ ਪਰਦਾ ਪਾ ਕੇ ਲਾਇਸੰਸ ਹਾਸਲ ਕੀਤਾ ਜਦਕਿ 2014 ਵਿਚ ਉਸ ਦਾ ਲਾਇਸੰਸ ਪੱਕੇ ਤੌਰ ’ਤੇ ਰੱਦ ਕੀਤਾ ਜਾ ਚੁੱਕਾ ਸੀ।

‘ਗਲੋਬਲ ਨਿਊਜ਼’ ਦੀ ਰਿਪੋਰਟ ਮੁਤਾਬਕ ਕਿਊਬੈਕ ਦੀ ਸੁਪੀਰੀਅਰ ਕੋਰਟ ਨੇ ਕਿਹਾ ਕਿ 57 ਸਾਲ ਦੇ ਜਗਮੀਤ ਗਰੇਵਾਲ ਨੇ ਦੂਜਿਆਂ ਦੀ ਜ਼ਿੰਦਗੀ ਬਾਰੇ ਬਿਲਕੁਲ ਨਹੀਂ ਸੋਚਿਆ ਜਿਸ ਨੂੰ 53 ਫੁੱਟ ਲੰਮਾ ਟਰੱਕ ਚਲਾਉਣ ਦਾ ਕਾਨੂੰਨੀ ਹੱਕ ਬਿਲਕੁਲ ਨਹੀਂ ਸੀ। ਮੈਡੀਕਲ ਤੌਰ ’ਤੇ ਫਿਟ ਨਾ ਹੋਣ ਕਾਰਨ ਜਗਮੀਤ ਗਰੇਵਾਲ ਦਾ ਟਰੱਕ ਇਕ ਖਤਰਨਾਕ ਹਥਿਆਰ ਬਣ ਗਿਆ। ਇਸ ਤੋਂ ਵੱਡੀ ਅਣਗਹਿਲੀ ਕੋਈ ਨਹੀਂ ਹੋ ਸਕਦੀ। ਅਦਾਲਤ ਨੇ ਕਿਹਾ ਕਿ 5 ਅਗਸਤ 2019 ਨੂੰ ਧੁੱਪ ਖਿੜੀ ਹੋਈ ਸੀ ਅਤੇ ਜਗਮੀਤ ਗਰੇਵਾਲ ਨੂੰ ਸਾਹਮਣੇ ਲੱਗਿਆ ਟ੍ਰੈਫਿਕ ਜਾਮ ਦੇਖ ਲੈਣਾ ਚਾਹੀਦਾ ਸੀ ਪਰ ਅਜਿਹਾ ਨਾ ਹੋਇਆ। ਟਰੱਕ ਲਗਾਤਾਰ ਅੱਗੇ ਵਧਦਾ ਗਿਆ ਅਤੇ 90 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੱਡੀਆਂ ਦਰੜ ਦਿਤੀਆਂ। ਜਗਮੀਤ ਗਰੇਵਾਲ ਨੇ ਟਰੱਕ ਰੋਕਣ ਦੀ ਇਕ ਵਾਰ ਵੀ ਕੋਸ਼ਿਸ਼ ਨਹੀਂ ਕੀਤੀ।

ਕਿਊਬਕ ਵਿਚ ਅਗਸਤ 2019 ’ਚ ਵਾਪਰਿਆ ਸੀ ਹੌਲਨਾਕ ਹਾਦਸਾ
ਕੋਈ ਸੋਚ ਵੀ ਨਹੀਂ ਸਕਦਾ ਕਿ ਇਕ ਡਰਾਈਵਰ 10 ਸੈਕਿੰਡ ਤੱਕ ਅੱਖਾਂ ਬੰਦ ਕਰ ਕੇ ਟਰੱਕ ਚਲਾ ਸਕਦਾ ਹੈ। ਅਦਾਲਤੀ ਫੈਸਲੇ ਮੁਤਾਬਕ 2012 ਵਿਚ ਵਾਪਰੇ ਹਾਦਸੇ ਮਗਰੋਂ 2014 ਵਿਚ ਜਗਮੀਤ ਗਰੇਵਾਲ ਦਾ ਲਾਇਸੰਸ ਪੱਕੇ ਤੌਰ ’ਤੇ ਰੱਦ ਕਰ ਦਿਤਾ ਗਿਆ ਪਰ ਬਾਅਦ ਵਿਚ ਉਸ ਨੇ ਮੁੜ ਲਾਇਸੰਸ ਵਾਸਤੇ ਅਰਜ਼ੀ ਦਾਇਰ ਕੀਤੀ ਅਤੇ ਇਸ ਵਾਰ ਸਬੰਧਤ ਅਫਸਰ ਤੋਂ ਆਪਣੀਆਂ ਬਿਮਾਰੀਆਂ ਬਾਰੇ ਪਰਦਾ ਰੱਖਿਆ। ਇਥੋਂ ਤੱਕ ਕਿ ਹਾਦਸੇ ਵੇਲੇ ਉਸ ਦਾ ਬਲੱਡ ਲੈਵਲ ਵੀ ਅੰਡਰ ਕੰਟਰੋਲ ਸੀ। ਜਗਮੀਤ ਗਰੇਵਾਲ ਨੇ ਹਰ ਚੀਜ਼ ’ਤੇ ਪਰਦਾ ਪਾਇਆ ਅਤੇ ਮੁੜ ਟਰੱਕ ਡਰਾਈਵਰ ਦੀ ਨੌਕਰੀ ਹਾਸਲ ਕਰ ਲਈ ਪਰ 5 ਅਗਸਤ 2019 ਨੂੰ ਕਈ ਪਰਵਾਰ ਖੇਰੂੰ ਖੇਰੂੰ ਹੋ ਗਏ।