ਬਰੈਂਪਟਨ : ਕੈਨੇਡਾ ਪੜ੍ਹਨ ਆਏ ਪੰਜਾਬੀ ਵਿਦਿਆਰਥੀ ਇਕ ਵਾਰ ਫਿਰ ਕਸੂਤੇ ਫਸ ਗਏ ਜਦੋਂ ਉਨ੍ਹਾਂ ਨੂੰ ਇਕੋ ਕਲਾਸ ਵਿਚ ਦੂਜੀ ਵਾਰ ਫੇਲ ਕਰ ਦਿਤਾ ਗਿਆ। ਐਲਗੋਮਾ ਯੂਨੀਵਰਸਿਟੀ ਦੇ ਬਰੈਂਪਟਨ ਕੈਂਪਸ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੇ ਇਕ ਪ੍ਰੋਫੈਸਰ ’ਤੇ ਜਾਣ ਬੁੱਝ ਕੇ ਇਹ ਕੰਮ ਕਰਨ ਦਾ ਦੋਸ਼ ਲਾਉਂਦਿਆਂ ਰੋਸ ਵਿਖਾਵਾ ਕੀਤਾ। ਫੇਲ ਹੋਣ ਵਾਲਿਆਂ ਵਿਚੋਂ ਜ਼ਿਆਦਾਤਰ ਪੰਜਾਬੀ ਵਿਦਿਆਰਥੀ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੜ੍ਹਾਈ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਇਕ ਪ੍ਰੋਫੈਸਰ ਨੇ ਜਾਣ ਬੁੱਝ 100 ਵਿਦਿਆਰਥੀਆਂ ਨੂੰ ਫੇਲ ਕਰ ਦਿਤਾ। ਸਿਰਫ ਇਥੇ ਹੀ ਬੱਸ ਨਹੀਂ ਪ੍ਰੋਫੈਸਰ ਫੇਲ ਕਰਨ ਦਾ ਕੋਈ ਠੋਸ ਕਾਰਨ ਵੀ ਨਹੀਂ ਦੱਸ ਰਿਹਾ।
ਇਕ ਕਲਾਸ ਵਿਚ ਦੋ ਸਾਲ ਲਾਉਣ ਮਗਰੋਂ ਹੁਣ ਤੀਜੀ ਵਾਰ ਫੀਸ ਭਰਨੀ ਪੰਜਾਬੀ ਵਿਦਿਆਰਥੀਆਂ ਦੇ ਵਸੋਂ ਬਾਹਰ ਹੋ ਚੁੱਕੀ ਹੈ। ਮਹਿੰਗਾਈ, ਬੇਰੁਜ਼ਗਾਰੀ ਅਤੇ ਬੇਸਮੈਂਟਾਂ ਦੇ ਅਸਮਾਨ ਚੜ੍ਹੇ ਕਿਰਾਏ ਤੋਂ ਪਹਿਲਾਂ ਹੀ ਪ੍ਰੇਸ਼ਾਨ ਚੱਲ ਰਹੇ ਵਿਦਿਆਰਥੀਆਂ ਨੂੰ ਕੋਈ ਰਾਹ ਨਜ਼ਰ ਨਹੀਂ ਆਉਂਦਾ। ਇਸੇ ਦੌਰਾਨ ਅਲਗੋਮਾ ਯੂਨੀਵਰਸਿਟੀ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਜਲਦ ਹੀ ਮਸਲਾ ਹੱਲ ਕਰ ਲਿਆ ਜਾਵੇਗਾ। ਯੂਨੀਵਰਸਿਟੀ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੀਆਂ ਚਿੰਤਾਵਾਂਬਾਰੇ ਸਾਇੰਸ ਵਿਭਾਗ ਦੇ ਡੀਨ ਨਾਲ ਸੰਪਰਕ ਕੀਤਾ ਜਾਵੇ।