ਗਣਤੰਤਰ ਦਿਵਸ ਨੂੰ ਸਮਰਪਿਤ ਇਸ ਸਾਹਿਤਿਕ ਸਮਾਗਮ ‘ਚ ਡਾ.ਦਲਬੀਰ ਕਥੂਰੀਆ, ਬਲਬੀਰ ਕੌਰ ਰਾਏਕੋਟੀ, ਬਾਲ ਮੁਕੰਦ ਸ਼ਰਮਾ, ਪਵਨ ਮਨਚੰਦਾ ਅਤੇ ਕੰਵਲਜੀਤ ਸਿੰਘ ਲੱਕੀ ਹੋਏ ਵਿਸ਼ੇਸ਼ ਤੌਰ ‘ਤੇ ਸ਼ਾਮਿਲ

ਇਟਲੀ: ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਵਿਸ਼ਵ ਪੰਜਾਬੀ ਸਭਾ ਕਨੇਡਾ ਅਤੇ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਲਈ ਯੂਰਪੀ ਦੌਰੇ ‘ਤੇ ਆਈ ਪੰਜਾਬ ਦੀ ਟੀਮ ਦਾ ਇਟਲੀ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਸਭਾ ਵੱਲੋਂ ਉਲੀਕੇ ੨੬ ਜਨਵਰੀ ਗਣਤੰਤਰ ਦਿਵਸ ਨੂੰ ਸਮਰਪਿਤ ਇਸ ਸਾਹਿਤਿਕ ਸਮਾਗਮ ਵਿੱਚ ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਪ੍ਰਧਾਨ ਅਤੇ ਚੇਅਰਮੈਨ ਡਾ.ਦਲਬੀਰ ਸਿੰਘ ਕਥੂਰੀਆ, ਜਰਨਲ ਸਕੱਤਰ ਕਮਲਜੀਤ ਸਿੰਘ ਲੱਕੀ, ਭਾਰਤ ਪ੍ਰਧਾਨ ਬਲਬੀਰ ਕੌਰ ਰਾਏਕੋਟੀ, ਪ੍ਰਸਿੱਧ ਹਾਸਰਸ ਕਲਾਕਾਰ ਬਾਲ ਮੁਕੰਦ ਸ਼ਰਮਾ ਅਤੇ ਪਵਨ ਮਨਚੰਦਾ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਟਲੀ ਦੇ ਜ਼ਿਲ੍ਹਾ ਰਿਜੋਇਮੀਲੀਆ ਦੇ ਸ਼ਹਿਰ ਬਨਿਓਲੋ ਇਨ ਪਿਆਨੋ ਵਿਖੇ ਹੋਏ ਇਸ ਸਾਹਿਤਿਕ ਸਮਾਗਮ ਅਤੇ ਪੰਜਾਬੀ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਹੋਈ ਵਿਚਾਰ ਚਰਚਾ ਵਿੱਚ ਇਲਾਕੇ ਦੇ ਪਤਵੰਤੇ ਪੰਜਾਬੀ, ਸਫ਼ਲ ਕਿਸਾਨ, ਕਾਰੋਬਾਰੀ ਅਤੇ ਲੇਖਕਾਂ ਸਮੇਤ ਸ਼ਹਿਰ ਦੇ ਇਤਾਲਵੀ ਮੇਅਰ ਯਾਨ ਲੂਕਾ ਪਾਵਲੀ ਨੇ ਵੀ ਸ਼ਿਰਕਤ ਕੀਤੀ ਅਤੇ ਕਿਹਾ ਕਿ ਭਵਿੱਖ ਵਿੱਚ ਉਹ ਭਾਸ਼ਾ ਅਤੇ ਸੱਭਿਆਚਾਰ ਦੇ ਸਾਂਝੇ ਉਪਰਾਲਿਆਂ ਲਈ ਹਮੇਸ਼ਾ ਸਹਿਯੋਗ ਦਿੰਦੇ ਰਹਿਣਗੇ।
ਸਮਾਗਮ ਦੀ ਸ਼ੁਰੂਆਤ ਸੰਚਾਲਕ ਦਲਜਿੰਦਰ ਰਹਿਲ ਵੱਲੋਂ ਅੱਜ ਦੇ ਸਮਾਗਮ ਦਾ ਮਨੋਰਥ, ੨੬ ਜਨਵਰੀ ਦੀ ਮਹੱਤਤਾ, ਡਾ.ਅੰਬੇਦਕਰ ਅਤੇ ਆਜ਼ਾਦੀ ਸੰਗਰਾਮੀਆਂ ਨੂੰ ਯਾਦ ਕਰਦਿਆਂ ਕੀਤੀ ਗਈ। ਪ੍ਰੋ.ਜਸਪਾਲ ਸਿੰਘ ਨੇ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਪੰਜਾਬੀ ਫ਼ਿਲਮ ਇੰਡਸਟਰੀ ਦੀਆਂ ਵੱਡੀਆਂ ਹਸਤੀਆਂ ਨਿਰਮਲ ਰਿਸ਼ੀ ਅਤੇ ਪ੍ਰਾਣ ਸੱਭਰਵਾਲ ਨੂੰ ਭਾਰਤ ਸਰਕਾਰ ਵੱਲੋਂ ਐਲਾਨੇ ਪਦਮ ਸ਼੍ਰੀ ਐਵਾਰਡ ਦੀ ਵਧਾਈ ਵੀ ਸਭ ਨਾਲ ਸਾਂਝੀ ਕੀਤੀ।ਉਪਰੰਤ ਵਿਸ਼ਵ ਪੰਜਾਬੀ ਸਭਾ ਦੀ ਭਾਰਤ ਪ੍ਰਧਾਨ ਬਲਬੀਰ ਕੌਰ ਰਾਏਕੋਟੀ ਵੱਲੋਂ ਵਿਸ਼ਵ ਪੰਜਾਬੀ ਸਭਾ ਦਾ ਮਨੋਰਥ, ਕਾਰਜ ਖੇਤਰ ਭਵਿੱਖੀ ਯੋਜਨਾਵਾਂ ਅਤੇ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਸਾਂਝੀ ਕੀਤੀ ਗਈ। ਕਨੇਡਾ ਤੋਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਡਾ.ਦਲਬੀਰ ਸਿੰਘ ਕਥੂਰੀਆ ਨੇ ਕਿਹਾ ਕਿ ਸਾਨੂੰ ਪੰਜਾਬੀ ਬੋਲੀ ਦੀ ਬੇਹਤਰੀ ਲਈ ਇਸ ਦੀ ਸ਼ੁਰੂਆਤ ਆਪਣੇ ਘਰ ਅਤੇ ਬੱਚਿਆਂ ਤੋਂ ਕਰਨੀ ਚਾਹੀਦੀ ਹੈ ਤੇ ਇਸਦੇ ਪ੍ਰਚਾਰ ਪ੍ਰਸਾਰ ਲਈ ਵਿਸ਼ਵ ਪੱਧਰੀ ਸਾਂਝ ਉਸਾਰ ਕੇ ਸਮੂਹਿਕ ਤੇ ਸਾਰਥਿਕ ਯਤਨ ਕਰਨੇ ਚਾਹੀਦੇ ਹਨ। ਹਾਸਰਸ ਕਲਾਕਾਰ ਬਾਲ ਮੁਕੰਦ ਸ਼ਰਮਾ ਨੇ ਸਭਾ ਵੱਲੋਂ ਕਰਵਾਏ ਗਏ ਇਸ ਸਾਹਿਤਿਕ ਸਮਾਗਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਵਿਦੇਸ਼ਾਂ ਵਿੱਚ ਰਹਿ ਕੇ ਆਪਣੇ ਸੱਭਿਆਚਾਰ ਵਿਰਸੇ, ਵਿਰਾਸਤ ਤੇ ਮਾਂ ਬੋਲੀ ਬਾਰੇ ਵਿਚਾਰ ਚਰਚਾ ਲਈ ਰੁਝੇਵਿਆਂ ‘ਚੋਂ ਸਮਾਂ ਕੱਢ ਕੇ ਇਹੋ ਜਿਹੇ ਪ੍ਰੋਗਰਾਮ ਉਲੀਕਣੇ ਸੌਖੇ ਨਹੀਂ ਹੁੰਦੇ ਉਹਨਾਂ ਸਾਹਿਤ ਸੁਰ ਸੰਗਮ ਸਭਾ ਦੇ ਇਹਨਾਂ ਵਿਸ਼ੇਸ਼ ਕਾਰਜਾਂ ਲਈ ਵਧਾਈ ਦਿੱਤੀ ਅਤੇ ਵਿਸ਼ਵ ਪੰਜਾਬੀ ਸਭਾ ਸਮੇਤ ਪੰਜਾਬ ਵਿੱਚੋਂ ਪੰਜਾਬੀ ਬੋਲੀ ਬਾਰੇ ਹੋ ਰਹੇ ਕੰਮਾਂ ਦਾ ਵਰਨਣ ਵੀ ਕੀਤਾ। ਇਸ ਤੋਂ ਇਲਾਵਾ ਕੰਵਲਜੀਤ ਸਿੰਘ ਲੱਕੀ, ਪਵਨ ਮਨਚੰਦਾ ਅਤੇ ਹੋਰ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਪੰਜਾਬੀ ਬੋਲੀ ਦੀ ਬੇਹਤਰੀ ਲਈ ਸੁਝਾਅ ਪੇਸ਼ ਕੀਤੇ। ਇਲਾਕੇ ਦੇ ਮਸ਼ਹੂਰ ਕਿਸਾਨ ਭੁਪਿੰਦਰ ਸਿੰਘ ਕੰਗ, ਸਿਵਲ ਪ੍ਰੋਟੈਕਸ਼ਨ ਰਿਜੋਇਮੀਲੀਆ ਨੋਵੇਲਾਰਾ ਦੇ ਪ੍ਰਧਾਨ ਭੁਪਿੰਦਰ ਸਿੰਘ ਸੋਨੀ, ਜਸਵੀਰ ਸਿੰਘ, ਗੁਰਦੇਵ ਸਿੰਘ, ਕਸ਼ਮੀਰੀ ਲਾਲ, ਜਤਿੰਦਰ ਪਾਸਟਰ, ਜਗਮੀਤ ਸਿੰਘ, ਕਮਲਜੀਤ ਕੌਰ ਅਤੇ ਇਲਾਕੇ ਦੀਆਂ ਹੋਰ ਮਾਣਮੱਤੀਆਂ ਸ਼ਖਸੀਅਤਾਂ ਨੇ ਸ਼ਾਮਿਲ ਹੋ ਕੇ ਇਸ ਸਮਾਗਮ ਦੀ ਸ਼ੋਭਾ ਵਧਾਈ। ਇਸ ਮੌਕੇ ਸਭਾ ਵੱਲੋਂ ਕਰਵਾਏ ਕਵੀ ਦਰਵਾਰ ਵਿੱਚ ਕਰਮਜੀਤ ਕੌਰ ਰਾਣਾ, ਸਤਵੀਰ ਸਾਂਝ, ਦੀਪ ਇਟਲੀ, ਜਸਵਿੰਦਰ ਕੌਰ ਮਿੰਟੂ, ਦਲਜਿੰਦਰ ਰਹਿਲ, ਬਲਬੀਰ ਕੌਰ ਰਾਏਕੋਟੀ, ਪ੍ਰੋਫੈਸਰ ਜਸਪਾਲ ਸਿੰਘ, ਗੁਰਮੀਤ ਸਿੰਘ ਮੱਲੀ, ਭਿੰਦਰਜੀਤ ਕੌਰ, ਸਿੱਕੀ ਝੱਜੀ ਪਿੰਡ ਵਾਲਾ ਨੇ ਆਪਣੀਆਂ ਰਚਨਾਵਾਂ ਪੜ੍ਹ ਕੇ ਹਾਜ਼ਰੀ ਲਗਵਾਈ। ਬਾਲ ਮੁਕੰਦ ਸ਼ਰਮਾ ਜੀ ਦੁਆਰਾ ਸੁਣਾਈ ਜਨਾਬ ਸੁਰਜੀਤ ਪਾਤਰ ਦੀ ਰਚਨਾ ਅਤੇ ਸੋਢੀ ਮੱਲ ਦੇ ਗਾਏ ਸੁਰੀਲੇ ਗੀਤਾਂ ਨੇ ਸਭ ਦਾ ਮਨ ਮੋਹ ਲਿਆ। ਅੰਤ ਵਿੱਚ ਸਭਾ ਦੇ ਮੀਤ ਪ੍ਰਧਾਨ ਗੁਰਮੀਤ ਸਿੰਘ ਮੱਲ੍ਹੀ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ ਅਤੇ ਸਭਾ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ।