ਵੈਨਕੂਵਰ ਸ਼ਹਿਰ ਵਿਚ 26 ਅਕਤੂਬਰ ਤੋਂ ਲਾਪਤਾ ਪੰਜਾਬੀ ਲੜਕੀ ਦੀ ਭਾਲ ਵਿਚ ਜੁਟੀ ਪੁਲਿਸ ਨੇ ਲੋਕਾਂ ਤੋਂ ਮਦਦ ਮੰਗੀ ਹੈ। 13 ਸਾਲ ਦੀ ਅਨਾਇਆ ਬੈਂਸ ਨੂੰ ਆਖਰੀ ਵਾਰ ਵੀਰਵਾਰ ਬਾਅਦ ਦੁਪਹਿਰ ਦੁੱਖਣੀ ਵੈਨਕੂਵਰ ਵਿਚ ਦੇਖਿਆ ਗਿਆ। ਅਨਾਇਆ ਬੈਂਸ ਵੈਨਕੂਵਰ ਦੀ ਫਰੇਜ਼ਰ ਸਟ੍ਰੀਟ ਅਤੇ ਈਸਟ 41 ਐਵੇਨਿਊ ਵਿਖੇ ਸਥਿਤ ਜੌਹਨ ਓਲੀਵਰ ਹਾਈ ਸਕੂਲ ਵਿਚ ਪੜ੍ਹਦੀ ਹੈ ਅਤੇ 26 ਅਕਤੂਬਰ ਨੂੰ 3.40 ਵਜੇ ਸਕੂਲ ਮੈਦਾਨ ਵਿਚ ਉਸ ਨੂੰ ਆਖਰੀ ਵਾਰ ਦੇਖਿਆ ਗਿਆ।ਸਕੂਲ ਤੋਂ ਛੁੱਟੀ ਹੋਣ ਮਗਰੋਂ ਉਹ ਘਰ ਨਾ ਪਰਤੀ ਅਤੇ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਉਹ ਆਪਣੇ ਪਰਵਾਰ ਨੂੰ ਦੱਸੇ ਬਗੈਰ ਕਿਤੇ ਨਹੀਂ ਜਾਂਦੀ ਜਿਸ ਦੇ ਮੱਦੇਨਜ਼ਰ ਅਨਾਇਆ ਬੈਂਸ ਦੇ ਪਰਵਾਰਕ ਮੈਂਬਰ ਅਤੇ ਦੋਸਤ ਉਸ ਦੀ ਸੁੱਖ-ਸਾਂਦ ਪ੍ਰਤੀ ਬੇਹੱਦ ਚਿੰਤਤ ਹਨ। ਪੁਲਿਸ ਨੇ ਅਨਾਇਆ ਬੈਂਸ ਦਾ ਹੁਲੀਆ ਜਾਰੀ ਕਰਦਿਆਂ ਦੱਸਿਆ ਕਿ ਉਸ ਕੱਦ 5 ਫੁੱਟ 7 ਇੰਚ ਅਤੇ ਸਰੀਰ ਪਤਲਾ ਹੈ। ਵਾਲ ਕਾਲੇ ਅਤੇ ਅੱਖਾਂ ਭੂਰੀਆਂ ਹਨ ਜਦਕਿ ਦੰਦਾਂ ‘ਤੇ ਤਾਰ ਲੱਗੀ ਹੋਈ ਹੈ। ਆਖਰੀ ਵਾਰ ਦੇਖੇ ਜਾਣ ਵੇਲੇ ਉਸ ਨੇ ਕਾਲੀ ਹੂਡੀ ਪਹਿਨੀ ਹੋਈ ਸੀ ਜਿਸ ਦੇ ਸਾਹਮਣੇ ਵਾਲੇ ਵਾਸੇ ਸਵੂਸ਼ ਦਾ ਸਿੰਬਲ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਉਸ ਨੇ ਸਫੈਦ ਸਪਾਈਡਰਮੈਨ ਟੀ-ਸ਼ਰਟ, ਗਰੇਅ ਸਵੈਟਪੈਂਟ ਅਤੇ ਸਫੈਦ ਰੰਗ ਦੇ ਨਾਇਕੀ ਹਾਈ ਟੌਪ ਰਨਰਜ਼ ਪਾਏ ਹੋਏ ਸਨ। ਅਨਾਇਆ ਕੋਲ ਬਲੂ ਅਤੇ ਗਰੇਅ ਕਲਰ ਦਾ ਬੈਕਪੈਕ ਅਤੇ ਗੋਲਡ ਹੈਡਫੋਨਜ਼ ਵੀ ਸਨ। ਵੈਨਕੂਵਰ ਪੁਲਿਸ ਨੇ ਕਿਹਾ ਕਿ ਜਿਸ ਕਿਸੇ ਨੂੰ ਵੀ ਅਨਾਇਆ ਬਾਰੇ ਪਤਾ ਲੱਗੇ ਤਾਂ ਉਹ ਤੁਰਤ 911 ‘ਤੇ ਕਾਲ ਕਰੇ।