ਵੈਨਕੂਵਰ, : ਕੈਨੇਡਾ ਦੇ ਬੀ.ਸੀ. ਵਿਚ ਬ੍ਰਦਰਜ਼ ਕੀਪਰਜ਼ ਗਿਰੋਹ ਅਮਨਦੀਪ ਕੰਗ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿਚ 11 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਫੈਂਟਾਨਿਲ, ਹੈਰੋਇਨ ਅਤੇ ਕੋਕੀਨ ਤਸਕਰੀ ਦੇ ਦੋਸ਼ੀ ਠਹਿਰਾਏ ਜਾ ਚੁੱਕੇ ਅਮਨਦੀਪ ਕੰਗ ਨੂੰ ਸਜ਼ਾ ਦਾ ਐਲਾਨ ਪਿਛਲੇ ਮਹੀਨੇ ਦੇ ਅਖੀਰ ਵਿਚ ਕੀਤਾ ਜਾਣਾ ਸੀ ਪਰ ਕਲੋਵਰਡੇਲ ਵਿਖੇ ਗੋਲੀਬਾਰੀ ਦੌਰਾਨ ਅਮਨਦੀਪ ਕੰਗ ਜ਼ਖਮੀ ਹੋ ਗਿਆ। ਬੀ.ਸੀ. ਸੁਪਰੀਮ ਕੋਰਟ ਦੇ ਜਸਟਿਸ ਪੌਲ ਰਾਇਲੀ ਨੇ ਅਮਨਦੀਪ ਕੰਗ ਨੂੰ ਸਜ਼ਾ ਸੁਣਾਉਂਦਿਆਂ ਸੁਝਾਅ ਦਿਤਾ ਕਿ ਉਹ ਆਪਣੀ ਜ਼ਿੰਦਗੀ ਵਿਚ ਕੀਤੇ ਅਪਰਾਧਾਂ ਬਾਰੇ ਜੇਲ ਵਿਚ ਬੈਠ ਕੇ ਗੰਭੀਰਤਾ ਨਾਲ ਸੋਚੇ।

ਨਸ਼ਾ ਤਸਕਰੀ ਦੇ ਮਾਮਲੇ ਵਿਚ ਅਦਾਲਤ ਨੇ ਸੁਣਾਈ ਸਜ਼ਾ
ਜੱਜ ਨੇ ਕਿਹਾ, ‘‘ਲੰਘੇ ਸਮੇਂ ਦੀ ਸਮੀਖਿਆ ਤੈਨੂੰ ਦੱਸ ਦੇਵੇਗੀ ਕਿ ਤੇਰੀ ਜ਼ਿੰਦਗੀ ਅੱਜ ਕਿਹੜੇ ਮੋੜ ’ਤੇ ਪੁੱਜ ਗਈ ਹੈ। ਜੇ ਤੂੰ ਆਪਣੀ ਜ਼ਿੰਦਗੀ ਬਦਲਣ ਦਾ ਫੈਸਲਾ ਨਾ ਕੀਤਾ ਤਾਂ ਤੈਨੂੰ ਮੁੜ ਜੇਲ ਜਾਣਾ ਪੈ ਸਕਦਾ ਹੈ ਅਤੇ ਇਸ ਤੋਂ ਵੀ ਮਾੜਾ ਇਹ ਹੋ ਸਕਦੈ ਕਿ ਜੁਰਮ ਦੀ ਦੁਨੀਆਂ ਵਿਚ ਤੈਨੂੰ ਆਪਣੀ ਜਾਨ ਗਵਾਉਣੀ ਪਵੇ।’’ ਜਸਟਿਸ ਰਾਇਲੀ ਨੇ ਅੱਗੇ ਕਿਹਾ ਕਿ ਅਮਨਦੀਪ ਕੰਗ ਇਕ ਅਜਿਹੇ ਗਰੁੱਪ ਦੀ ਲੀਡਰ ਹੈ ਜੋ ਖਤਰਨਾਕ ਨਸ਼ੇ ਵੇਚਦਾ ਹੈ। ਫੈਂਟਾਨਿਲ, ਹੈਰੋਇਨ, ਮੈਥਮਫੈਟਾਮਿਨ ਅਤੇ ਕੋਕੀਨ ਵਰਗੇ ਨਾਂ ਸਾਡੇ ਸਮਾਜ ਵਾਸਤੇ ਕੋਹੜ ਬਣ ਚੁੱਕੇ ਹਨ। ਅਮਨਦੀਪ ਕੰਗ ਦੇ ਸਾਥੀਆਂ ਨੂੰ ਵੀ ਭਾਵੇਂ ਪਿਛਲੇ ਸਮੇਂ ਦੌਰਾਨ ਗ੍ਰਿਫਤਾਰ ਕੀਤਾ ਜਾ ਰਿਹਾ ਸੀ ਪਰ ਉਹ ਆਪਣਾ ਧੰਦਾ ਚਲਦਾ ਰੱਖਣ ਵਾਸਤੇ ਜ਼ੋਰ ਲਾਉਂਦਾ ਰਿਹਾ।