ਕੈਨੇਡਾ ਦੇ ਬਰੈਂਪਟਨ ਵਿੱਚ ਇੱਕ ਪੰਜਾਬੀ ਪਰਿਵਾਰ ਨੂੰ ਆਪਣੇ ਮਕਾਨ ਦੇ ਕਿਰਾਏਦਾਰ ਨਾਲ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਮਾਮਲਾ 50 ਹਜ਼ਾਰ ਡਾਲਰ ਦੇ ਬਕਾਏ ਦੀ ਅਦਾਇਗੀ ਨਾ ਹੋਣ ਅਤੇ ਕਿਰਾਏਦਾਰ ਦੇ ਮਕਾਨ ਛੱਡਣ ਤੋਂ ਇਨਕਾਰ ਨਾਲ ਜੁੜਿਆ ਹੈ। ਮਕਾਨ ਮਾਲਕ ਨਰਿੰਦਰ ਸਿੰਘ, ਜੋ ਕਿ ਬਰੈਂਪਟਨ ਵਿੱਚ ਡਰਾਈਕਲੀਨਿੰਗ ਦਾ ਕਾਰੋਬਾਰ ਕਰਦੇ ਹਨ, ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਖੂਨ-ਪਸੀਨੇ ਨਾਲ ਖਰੀਦੇ ਇਸ ਮਕਾਨ ਨੂੰ ਕਿਰਾਏ ‘ਤੇ ਦਿੱਤਾ ਸੀ ਤਾਂ ਜੋ ਕੁਝ ਆਮਦਨ ਹੋ ਸਕੇ, ਪਰ ਹੁਣ ਕਿਰਾਏਦਾਰ ਮਹਿਲਾ ਉਲਟ ਉਨ੍ਹਾਂ ਉਤੇ ਹੀ ਪੁਲਿਸ ਕੋਲ ਸ਼ਿਕਾਇਤ ਕਰ ਰਹੀ ਹੈ।

ਨਰਿੰਦਰ ਸਿੰਘ ਨੇ ਦੱਸਿਆ ਕਿ ਮਹਿਲਾ ਨੇ ਚਾਰ ਸਾਲ ਪਹਿਲਾਂ 2600 ਡਾਲਰ ਮਹੀਨਾਵਾਰ ਕਿਰਾਏ ‘ਤੇ ਮਕਾਨ ਲਿਆ ਸੀ, ਪਰ ਕੁਝ ਮਹੀਨਿਆਂ ਬਾਅਦ ਹੀ ਕਿਰਾਏ ਦੀ ਅਦਾਇਗੀ ਵਿੱਚ ਦੇਰੀ ਹੋਣ ਲੱਗੀ। 2021 ਵਿੱਚ ਨਰਿੰਦਰ ਸਿੰਘ ਨੇ ਓਨਟਾਰੀਓ ਦੇ ਲੈਂਡਲੌਰਡ ਐਂਡ ਟੈਨੈਂਟ ਬੋਰਡ ਕੋਲ ਅਰਜ਼ੀ ਦਾਇਰ ਕੀਤੀ, ਜਿਸ ਵਿੱਚ ਮਕਾਨ ਖਾਲੀ ਕਰਨ ਦਾ ਹੁਕਮ ਮੰਗਿਆ ਗਿਆ। ਬਾਵਜੂਦ ਇਸਦੇ, ਮਾਮਲਾ ਅਜੇ ਤੱਕ ਅਟਕਿਆ ਹੋਇਆ ਹੈ ਅਤੇ ਨਰਿੰਦਰ ਸਿੰਘ ਆਪਣੇ ਹੀ ਮਕਾਨ ਵਿੱਚ ਕਿਰਾਏਦਾਰ ਨੂੰ ਕੱਢਣ ਵਿੱਚ ਅਸਮਰਥ ਮਹਿਸੂਸ ਕਰ ਰਹੇ ਹਨ।ਇਕ ਹਾਲੀਆ ਹੁਕਮ ਵਿੱਚ ਲੈਂਡਲੌਰਡ ਐਂਡ ਟੈਨੈਂਟ ਬੋਰਡ ਦੀ ਮੈਂਬਰ ਟਿਫਨੀ ਟਿਕੀ ਨੇ ਕਿਰਾਏਦਾਰ ਨੂੰ ਬਕਾਇਆ ਰਕਮ ਅਦਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਅਗਰ 18 ਅਗਸਤ ਤੱਕ ਬਕਾਇਆ ਅਦਾ ਨਹੀਂ ਕੀਤਾ ਗਿਆ ਤਾਂ ਕਿਰਾਏਦਾਰ ਨੂੰ ਮਕਾਨ ਖਾਲੀ ਕਰਨਾ ਪਵੇਗਾ। ਫਿਰ ਵੀ ਕਿਰਾਏਦਾਰ ਅਪੀਲ ਕਰਨ ਦਾ ਯਤਨ ਕਰ ਰਹੀ ਹੈ, ਜਿਸ ਕਾਰਨ ਨਰਿੰਦਰ ਸਿੰਘ ਨੂੰ ਹੋਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਨਰਿੰਦਰ ਸਿੰਘ ਨੇ ਕਿਹਾ ਕਿ ਕੈਨੇਡਾ ਵਿੱਚ ਇਸ ਵੇਲੇ ਰਿਹਾਇਸ਼ ਦਾ ਸੰਕਟ ਹੈ ਅਤੇ ਕਈ ਲੋਕ ਨਿਯਮਾਂ ਦਾ ਫਾਇਦਾ ਚੁੱਕਦੇ ਹੋਏ ਮਕਾਨ ਮਾਲਕਾਂ ਨੂੰ ਮੁਸ਼ਕਲਾਂ ਵਿੱਚ ਪਾ ਰਹੇ ਹਨ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਬਰੈਂਪਟਨ ਵਿੱਚ 22 ਹਜ਼ਾਰ ਡਾਲਰ ਦੇ ਬਕਾਏ ਦਾ ਇਕ ਹੋਰ ਮਾਮਲਾ ਸਾਹਮਣੇ ਆ ਚੁੱਕਾ ਹੈ।