ਕੈਨੇਡਾ ‘ਚ ਦੱਖਣੀ ਏਸ਼ੀਆਈ ਕਾਰੋਬਾਰੀਆਂ ਤੋਂ ਜਬਰੀ ਵਸੂਲੀ ਕਰਨ ਦੇ ਇਲਜ਼ਾਮ ਤਹਿਤ ਭਾਰਤੀ ਮੂਲ ਦੇ ਇਕ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰੀ ਤੋਂ ਬਾਅਦ ਮੁਲਜ਼ਮ ਨੇ ਅਪਣੇ ਆਪ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਪੁਲਿਸ ਉਸ ਨੂੰ ਇਕ ਵੱਡੇ ਗੈਂਗਸਟਰ ਦੇ ਰੂਪ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਦੱਸ ਦੇਈਏ ਕਿ ਅਰੁਣਦੀਪ ਥਿੰਦ ਪੰਜਾਬੀ ਮੂਲ ਦੇ ਉਨ੍ਹਾਂ 5 ਲੋਕਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ 8 ਫਰਵਰੀ ਨੂੰ ਪੀਲ ਰੀਜਨਲ ਪੁਲਿਸ ਦੀ ਐਕਸਟੌਰਸ਼ਨ ਟਾਸਕ ਫੋਰਸ ਨੇ ਗ੍ਰਿਫਤਾਰ ਕੀਤਾ ਸੀ। ਹਾਲਾਂਕਿ, ਅਰੁਣਦੀਪ ਦੋ ਹਫ਼ਤੇ ਜੇਲ ਵਿਚ ਬਿਤਾਉਣ ਤੋਂ ਬਾਅਦ ਹੁਣ ਜ਼ਮਾਨਤ ‘ਤੇ ਰਿਹਾਅ ਹੋ ਗਿਆ ਹੈ। ਜੇਲ ਤੋਂ ਬਾਹਰ ਆਉਣ ਤੋਂ ਬਾਅਦ ਉਸ ਨੇ ਕੈਨੇਡੀਅਨ ਮੀਡੀਆ ਨੂੰ ਕਿਹਾ ਕਿ ਉਹ ਦੋਸ਼ੀ ਨਹੀਂ ਹੈ।

ਥਿੰਦ ਨੇ ਸੀਟੀਵੀ ਨਿਊਜ਼ ਨਾਲ ਇਕ ਇੰਟਰਵਿਊ ਵਿਚ ਕਿਹਾ, “ਮੇਰਾ ਇਕ ਪਰਵਾਰ ਹੈ। ਮੇਰੇ ਬੱਚੇ ਵਾਰ-ਵਾਰ ਕਹਿ ਰਹੇ ਹਨ ਕਿ ਮੇਰੇ ਪਿਤਾ ਅਪਰਾਧੀ ਨਹੀਂ ਹਨ। ਪਰ, ਤੁਸੀਂ ਲੋਕਾਂ ਨੇ ਮੈਨੂੰ ਇਕ ਅਪਰਾਧੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ”। ਥਿੰਦ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਇਸ ਸੱਭ ਦਾ ਸ਼ਿਕਾਰ ਹੋਇਆ ਹੈ। ਥਿੰਦ ਨੇ ਦਸਿਆ ਕਿ ਹਾਲ ਹੀ ਵਿਚ ਉਨ੍ਹਾਂ ਦਾ ਇਕ ਦੋਸਤ, ਜੋ ਬਰੈਂਪਟਨ ਵਿਚ ਇਕ ਰੈਸਟੋਰੈਂਟ ਸੰਚਾਲਕ ਹੈ। ਕੁੱਝ ਲੋਕਾਂ ਨੇ ਉਸ ਨੂੰ ਫੋਨ ਕਰਕੇ ਪੈਸੇ ਦੇਣ ਦੀ ਧਮਕੀ ਵੀ ਦਿਤੀ ਸੀ।

ਥਿੰਦ ਨੇ ਨਿਊਜ਼ ਚੈਨਲ ਨੂੰ ਦਸਿਆ ਕਿ ਉਸ ਨੇ ਉਸ ਵਿਅਕਤੀ ਨਾਲ ਫੋਨ ‘ਤੇ ਗੱਲ ਕੀਤੀ ਸੀ, ਜਿਸ ਨੇ ਉਸ ਨੂੰ ਕਾਰ ਡੀਲਰਸ਼ਿਪ ‘ਤੇ ਜਾ ਕੇ ਉਸ ਦੀ ਤਰਫੋਂ ਜਬਰੀ ਵਸੂਲੀ ਕਰਨ ਲਈ ਮਜਬੂਰ ਕੀਤਾ ਸੀ। ਥਿੰਦ ਨੇ ਕਿਹਾ, “ਮੈਂ ਉਨ੍ਹਾਂ ਨੂੰ ਕਿਹਾ ਕਿ ਮੇਰਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਤੁਸੀਂ ਇਸ ਵਾਰ ਆਪਸ ਵਿਚ ਗੱਲ ਕਰੋ ਅਤੇ ਇਸ ਸੱਭ ਤੋਂ ਦੂਰ ਰਹੋ।” ਥਿੰਦ ਨੇ ਕਿਹਾ, ”ਇਸ ਤੋਂ ਬਾਅਦ ਪੁਲਿਸ ਨੇ ਮੈਨੂੰ ਗ੍ਰਿਫਤਾਰ ਕਰ ਲਿਆ।”

ਇਸ ਤੋਂ ਬਾਅਦ ਥਿੰਦ ਤੋਂ ਉਸ ਫੋਟੋ ਨੂੰ ਲੈ ਕੇ ਪੁੱਛਿਆ ਗਿਆ, ਜਿਸ ‘ਚ ਉਹ ਹੱਥ ‘ਚ ਬੰਦੂਕ ਫੜੀ ਨਜ਼ਰ ਆ ਰਿਹਾ ਸੀ। ਜਦੋਂ ਇਸ ਸਬੰਧੀ ਥਿੰਦ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਸਪੱਸ਼ਟ ਕਿਹਾ ਕਿ ਇਹ ਤਸਵੀਰ ਅੱਜ ਦੀ ਨਹੀਂ ਸਗੋਂ ਕਈ ਸਾਲ ਪੁਰਾਣੀ ਹੈ ਅਤੇ ਉਸ ਤਸਵੀਰ ਵਿਚ ਦਿਖਾਈ ਗਈ ਬੰਦੂਕ ਵੀ ਨਕਲੀ ਹੈ। ਇਹ ਤਸਵੀਰ ਉਨ੍ਹਾਂ ਦਿਨਾਂ ਦੀ ਹੈ ਜਦੋਂ ਇਕ ਗੀਤ ਦੀ ਸ਼ੂਟਿੰਗ ਚੱਲ ਰਹੀ ਸੀ।

ਥਿੰਦ ਨੇ ਕਿਹਾ ਕਿ ਉਹ ਇਸ ਦੇਸ਼ ਵਿਚ ਕਦੇ ਵੀ ਕਿਸੇ ਕਿਸਮ ਦੇ ਸੰਗਠਿਤ ਅਪਰਾਧ ਦਾ ਹਿੱਸਾ ਨਹੀਂ ਰਿਹਾ। ਥਿੰਦ ਨੇ ਕਿਹਾ ਕਿ ਪੁਲਿਸ ਮੈਨੂੰ ਇਕ ਵੱਡੇ ਅਪਰਾਧੀ ਵਜੋਂ ਗਲਤ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਇਲਾਵਾ, ਥਿੰਦ ਨੇ ਕਿਹਾ ਕਿ ਉਹ ਪੀਲ ਪੁਲਿਸ ਦੁਆਰਾ ਚਾਰਜ ਕੀਤੇ ਗਏ ਚਾਰ ਹੋਰ ਵਿਅਕਤੀਆਂ, ਗਗਨ ਅਜੀਤ ਸਿੰਘ, ਅਨਮੋਲਦੀਪ ਸਿੰਘ, ਹਸ਼ਮੀਤ ਕੌਰ ਅਤੇ ਲਾਇਮਨਜੋਤ ਕੌਰ ਨੂੰ ਨਹੀਂ ਮਿਲਿਆ ਹੈ ਅਤੇ ਨਾ ਹੀ ਉਨ੍ਹਾਂ ਨਾਲ ਕੋਈ ਸਬੰਧ ਹੈ।