ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਨੇ ਸੋਮਵਾਰ ਨੂੰ ਜਗਤ ਜੋਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ-2026 ਪਾਸ ਕਰ ਦਿੱਤਾ ਹੈ। ਹੁਣ ਇਸ ਨੂੰ ਮਨਜ਼ੂਰੀ ਲਈ ਰਾਜਪਾਲ ਕੋਲ ਭੇਜਿਆ ਜਾਵੇਗਾ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸੈਸ਼ਨ ਸ਼ੁਰੂ ਹੋਣ ‘ਤੇ ਵਿਧਾਨ ਸਭਾ ‘ਚ ਸਭ ਤੋਂ ਪਹਿਲਾਂ ਗਾਇਕਾ ਆਸ਼ਾ ਭੌਂਸਲੇ ਨੂੰ ਸ਼ਰਧਾਂਜਲੀ ਦਿੱਤੀ ਗਈ। ਸਦਨ ਨੇ ਵਰਿੰਦਾਵਨ ਵਿੱਚ ਕਿਸ਼ਤੀ ਹਾਦਸੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਅਤੇ ਦੋ ਮਿੰਟ ਦਾ ਮੌਨ ਰੱਖਿਆ ਗਿਆ।
ਇਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਕਿਹਾ ਕਿ ਜ਼ੀਰੋ ਆਵਰ ਹੋਣਾ ਚਾਹੀਦਾ ਹੈ। ਇਹ ਵਿਧਾਇਕਾਂ ਦਾ ਹੱਕ ਹੈ। ਸੂਬੇ ਵਿੱਚ ਅਮਨ-ਕਾਨੂੰਨ ਅਤੇ ਨਸ਼ਿਆਂ ਦਾ ਮਸਲਾ ਹੈ, ਉਹ ਇਸ ਦੀ ਚਰਚਾ ਨਹੀਂ ਕਰਦੇ। ਸੈਸ਼ਨ ਇੱਕ ਜਾਂ ਦੋ ਦਿਨਾਂ ਲਈ ਵਧਾਇਆ ਜਾਣਾ ਚਾਹੀਦਾ ਹੈ।
ਇਸ ‘ਤੇ ਸੀਐਮ ਮਾਨ ਨੇ ਕਿਹਾ ਕਿ ਜਦੋਂ ਅਸੀਂ ਸੈਸ਼ਨ ਬੁਲਾਉਂਦੇ ਹਾਂ ਤਾਂ ਤੁਸੀਂ ਵਾਕਆਊਟ ਕਰ ਦਿੰਦੇ ਹੋ ਅਤੇ ਸੈਸ਼ਨ ਵਧਾਉਣ ਦੀ ਮੰਗ ਕਰਦੇ ਹੋ। ਅੱਜ ਦਾ ਸੈਸ਼ਨ ਸਿਰਫ਼ ਬੇਅਦਬੀ ਵਿਰੁੱਧ ਬਿੱਲ ਨੂੰ ਸਮਰਪਿਤ ਹੋਣਾ ਚਾਹੀਦਾ ਹੈ।
ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਰਕਾਰਾਂ ਨੂੰ ਮੌਕਾ ਮਿਲਿਆ ਹੈ ਪਰ ਅੱਜ ਤੱਕ ਉਨ੍ਹਾਂ ਨੇ ਇਸ ਲਈ ਉਪਰਾਲੇ ਨਹੀਂ ਕੀਤੇ, ਸਗੋਂ ਉਹ ਖੁਦ ਹੀ ਬੇਅਦਬੀ ਦੇ ਦੋਸ਼ੀ ਹਨ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਆਪਣੀ ਗ਼ਲਤੀ ਮੰਨ ਲਈ ਹੈ। ਬੈਂਸ ਨੇ ਕਿਹਾ ਕਿ ਗਜ਼ਟਿਡ ਰੈਂਕ ਤੋਂ ਹੇਠਾਂ ਦਾ ਕੋਈ ਵੀ ਅਧਿਕਾਰੀ ਇਸ ਮਾਮਲੇ ਦੀ ਜਾਂਚ ਨਹੀਂ ਕਰੇਗਾ।ਵਿਧਾਇਕ ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਇਸ ਬਿੱਲ ਦੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਪਹਿਲਾਂ ਅਪਰਾਧੀ ਫ਼ਰਾਰ ਹੋ ਜਾਂਦੇ ਸਨ ਕਿਉਂਕਿ ਸਖ਼ਤ ਸਜ਼ਾ ਦਾ ਕੋਈ ਪ੍ਰਬੰਧ ਨਹੀਂ ਸੀ। ਹੁਣ ਅਪਰਾਧੀ ਆਜ਼ਾਦ ਨਹੀਂ ਹੋ ਸਕਣਗੇ। ਮੈਂ ਇਸ ਬਿੱਲ ਦਾ ਸਮਰਥਨ ਕਰਦਾ ਹਾਂ।














