ਚੰਡੀਗੜ੍ਹ: ਪੰਜਾਬ ਦੀ ਸਿਆਸਤ ਇਸ ਵੇਲੇ ਪੂਰੀ ਤਰ੍ਹਾਂ ਭਖੀ ਹੋਈ ਹੈ। ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਦੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੇ ਹਨ। ਮੁੱਖ ਮੰਤਰੀ ਮਾਨ ਹੁਣ 5 ਮਈ ਨੂੰ ਦੇਸ਼ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ। ਹਾਲਾਂਕਿ, ਉਹ ਆਪਣੇ ਨਾਲ ਵਿਧਾਇਕਾਂ ਨੂੰ ਵੀ ਲਿਜਾਣਾ ਚਾਹੁੰਦੇ ਸਨ, ਪਰ ਉਨ੍ਹਾਂ ਨੂੰ ਸਿਰਫ਼ ਇਕੱਲੇ ਮਿਲਣ ਦੀ ਹੀ ਇਜਾਜ਼ਤ ਮਿਲੀ ਹੈ। ਸੀਐਮ ਮਾਨ ਨੇ ਖੁਦ ਆਪਣੇ ਐਕਸ (ਟਵਿੱਟਰ) ਅਕਾਊਂਟ ਰਾਹੀਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਸਿਰਫ਼ ਸੀਐੱਮ ਨੂੰ ਮਿਲਿਆ ਸਮਾਂ
ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ, ”ਪੰਜਾਬ ਦੇ ਲੋਕਾਂ ਦੇ ਫ਼ਤਵੇ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੀ ਰਾਖੀ ਕਰਨਾ ਸਾਡਾ ਫ਼ਰਜ਼ ਹੈ।ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਮਾਨਯੋਗ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਜੀ ਨੇ ਮਿਲਣ ਲਈ 5 ਮਈ, ਦੁਪਹਿਰ 12 ਵਜੇ ਦਾ ਸਮਾਂ ਦਿੱਤਾ ਹੈ। ਹਾਲਾਂਕਿ ਅਸੀਂ ਸਾਰੇ ਵਿਧਾਇਕਾਂ (MLAs) ਲਈ ਸਮਾਂ ਮੰਗਿਆ ਸੀ, ਪਰ ਮੈਨੂੰ ਇਕੱਲੇ ਨੂੰ ਹੀ ਮਿਲਣ ਦਾ ਸੱਦਾ ਮਿਲਿਆ ਹੈ।
ਮੈਂ ਆਪਣੇ ਸਾਥੀ ਵਿਧਾਇਕਾਂ ਨਾਲ ਰਾਸ਼ਟਰਪਤੀ ਭਵਨ ਪਹੁੰਚਾਂਗਾ। ਮੇਰੇ ਸਾਥੀ ਵਿਧਾਇਕ ਬਾਹਰ ਰਹਿਣਗੇ ਅਤੇ ਮੈਂ ਅੰਦਰ ਜਾ ਕੇ ਸਾਰਿਆਂ ਵਲੋਂ ਪੰਜਾਬ ਦੀ ਆਵਾਜ਼ ਅਤੇ ਜਨਤਾ ਦੇ ਪੱਖ ਨੂੰ ਪੂਰੀ ਮਜ਼ਬੂਤੀ ਨਾਲ ਮਾਨਯੋਗ ਰਾਸ਼ਟਰਪਤੀ ਜੀ ਦੇ ਸਾਹਮਣੇ ਰੱਖਾਂਗਾ।
ਮੁਲਾਕਾਤ ਤੋਂ ਬਾਅਦ ਅਗਲੀ ਰਣਨੀਤੀ ਸਾਂਝੀ ਕੀਤੀ ਜਾਵੇਗੀ। ਕੀਮਤੀ ਸਮਾਂ ਦੇਣ ਲਈ ਮਾਨਯੋਗ ਰਾਸ਼ਟਰਪਤੀ ਜੀ ਦਾ ਤਹਿ ਦਿਲੋਂ ਧੰਨਵਾਦ।”
ਜਲੰਧਰ ਦੀ ਮੀਟਿੰਗ ਵਿੱਚ ਵਿਧਾਇਕਾਂ ਦਾ ਸ਼ਕਤੀ ਪ੍ਰਦਰਸ਼ਨ
ਬੀਤੇ ਦਿਨੀਂ ਜਲੰਧਰ ਵਿੱਚ ਆਮ ਆਦਮੀ ਪਾਰਟੀ ਵੱਲੋਂ ਇੱਕ ਅਹਿਮ ਮੀਟਿੰਗ ਬੁਲਾਈ ਗਈ ਸੀ। ਸਵਾ ਘੰਟਾ ਚੱਲੀ ਇਸ ਮੀਟਿੰਗ ਵਿੱਚ ਵਿਧਾਇਕਾਂ ਨੇ ਇਕੱਠੇ ਹੋ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਰਾਘਵ ਚੱਢਾ ਬਾਰੇ ਪੁੱਛੇ ਗਏ ਸਵਾਲਾਂ ‘ਤੇ ਵਿਧਾਇਕਾਂ ਵਿੱਚ ਨਾਰਾਜ਼ਗੀ ਦੇਖਣ ਨੂੰ ਮਿਲੀ। ਮਨੀਸ਼ ਸਿਸੋਦੀਆ ਨੇ ਵੀ ਭਾਜਪਾ ‘ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਭਾਜਪਾ ਇੱਕ ਝੂਠੀ ਪਾਰਟੀ ਹੈ ਅਤੇ ਲੋਕਾਂ ਨੂੰ ਉਨ੍ਹਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ।
ਸੀਐਮ ਮਾਨ ਦੀ ਵਿਧਾਇਕਾਂ ਨੂੰ ਅਸਿੱਧੀ ਚੇਤਾਵਨੀ
ਮੁੱਖ ਮੰਤਰੀ ਭਗਵੰਤ ਮਾਨ ਇਸ ਮੀਟਿੰਗ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਾਮਲ ਹੋਏ। ਉਨ੍ਹਾਂ ਨੇ ਪਾਰਟੀ ਛੱਡ ਕੇ ਜਾਣ ਵਾਲੇ ਮੈਂਬਰਾਂ ‘ਤੇ ਤਨਜ਼ ਕੱਸਦਿਆਂ ਸੁਖਪਾਲ ਖਹਿਰਾ ਦੀ ਉਦਾਹਰਣ ਦਿੱਤੀ। ਉਨ੍ਹਾਂ ਕਿਹਾ ਕਿ ਕੁਝ ਗੰਦਾ ਪਾਣੀ ਨਿਕਲ ਜਾਣ ਨਾਲ ਨਦੀ ਕਦੇ ਸੁੱਕਦੀ ਨਹੀਂ ਹੈ।
ਮੁੱਖ ਮੰਤਰੀ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ, ”ਖਹਿਰਾ ਨੂੰ ਵੀ ਇਹ ਭੁਲੇਖਾ ਸੀ ਕਿ ਉਨ੍ਹਾਂ ਦੇ ਜਾਣ ਨਾਲ ਆਮ ਆਦਮੀ ਪਾਰਟੀ ਖ਼ਤਮ ਹੋ ਜਾਵੇਗੀ, ਪਰ ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ਪਾਰਟੀ ਦੇ 92 ਵਿਧਾਇਕ ਜਿੱਤ ਕੇ ਆਏ। ਜਿਹੜੇ ਹੁਣ ਗਏ ਹਨ, ਉਨ੍ਹਾਂ ਨੂੰ ਵੀ ਇਹੀ ਭਰਮ ਹੈ। ਚੰਗਾ ਹੋਇਆ ਕਿ ਉਹ ਸਮੇਂ ਸਿਰ ਚਲੇ ਗਏ। ਇਨ੍ਹਾਂ ਦੇ ਜਾਣ ਨਾਲ ਜਿਹੜੀ ਨਕਾਰਾਤਮਕਤਾ ਫੈਲੀ ਹੈ, ਉਸ ਨੂੰ ਅਗਲੇ ਕੁਝ ਮਹੀਨਿਆਂ ਵਿੱਚ ਦੂਰ ਕਰ ਦਿੱਤਾ ਜਾਵੇਗਾ।”
ਪੰਜਾਬ ਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, 24 ਅਪ੍ਰੈਲ 2026 ਨੂੰ ਆਮ ਆਦਮੀ ਪਾਰਟੀ ਵਿੱਚ ਵੱਡਾ ਭੂਚਾਲ ਆਇਆ ਜਦੋਂ ਪਾਰਟੀ ਦੇ ਦਿੱਗਜ਼ ਆਗੂ ਰਾਘਵ ਚੱਢਾ, ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਇਨ੍ਹਾਂ ਤੋਂ ਇਲਾਵਾ ਹਰਭਜਨ ਸਿੰਘ, ਰਾਜੇਂਦਰ ਗੁਪਤਾ, ਵਿਕਰਮ ਸਾਹਨੀ ਅਤੇ ਸਵਾਤੀ ਮਾਲੀਵਾਲ ਵੀ ਭਾਜਪਾ ਵਿੱਚ ਸ਼ਾਮਲ ਹੋਏ, ਅਤੇ ਰਾਘਵ ਚੱਢਾ ਨੇ ਰਾਜ ਸਭਾ ਦੇ ਚੇਅਰਮੈਨ ਸੀ.ਪੀ. ਰਾਧਾਕ੍ਰਿਸ਼ਨਨ ਨੂੰ ਸਾਰੇ ਜ਼ਰੂਰੀ ਦਸਤਾਵੇਜ਼ ਸੌਂਪ ਦਿੱਤੇ। ਜਿਸ ਤੋਂ ਬਾਅਦ ਰਾਜ ਸਭਾ ਦੇ ਚੇਅਰਮੈਨ ਨੇ ਉਹਨਾਂ ਦਾ ਰਲੇਵਾ ਸਵਿਕਾਰ ਕਰ ਲਿਆ।
ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ‘ਆਪ’ ਦੇ ਕੁੱਲ 10 ਰਾਜ ਸਭਾ ਮੈਂਬਰਾਂ ਵਿੱਚੋਂ 7 ਮੈਂਬਰ ਭਾਜਪਾ ਵਿੱਚ ਰਲੇਵੇਂ ਲਈ ਤਿਆਰ ਹਨ, ਅਤੇ ਸੰਵਿਧਾਨ ਮੁਤਾਬਕ ਜੇਕਰ ਕਿਸੇ ਪਾਰਟੀ ਦੇ ਦੋ-ਤਿਹਾਈ ਮੈਂਬਰ ਦੂਜੀ ਪਾਰਟੀ ਵਿੱਚ ਜਾਂਦੇ ਹਨ ਤਾਂ ਇਹ ਕਾਨੂੰਨੀ ਤੌਰ ‘ਤੇ ਸਹੀ ਮੰਨਿਆ ਜਾਂਦਾ ਹੈ।
ਕਿਸੇ ਸਮੇਂ ਕੇਜਰੀਵਾਲ ਦੇ ਬੇਹੱਦ ਭਰੋਸੇਮੰਦ ਰਹੇ ਰਾਘਵ ਚੱਢਾ ਮਾਰਚ 2024 ਵਿੱਚ ਕੇਜਰੀਵਾਲ ਦੀ ਗ੍ਰਿਫ਼ਤਾਰੀ ਸਮੇਂ ਵਿਦੇਸ਼ ਵਿੱਚ ਸਨ ਅਤੇ ਰਿਹਾਈ ਤੋਂ ਕਾਫ਼ੀ ਸਮੇਂ ਬਾਅਦ ਹੀ ਕੇਜਰੀਵਾਲ ਨੂੰ ਮਿਲੇ, ਅਤੇ ਜਦੋਂ ਅਦਾਲਤ ਨੇ ਕੇਜਰੀਵਾਲ ਅਤੇ ਸਿਸੋਦੀਆ ਨੂੰ ਬਰੀ ਕੀਤਾ ਤਾਂ ਵੀ ਉਹ ਜੰਤਰ-ਮੰਤਰ ਦੀ ਰੈਲੀ ਵਿੱਚ ਨਹੀਂ ਆਏ, ਜਿਸ ਤੋਂ ਪਾਰਟੀ ਨਾਲ ਦੂਰੀ ਦੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਸਨ।
ਆਮ ਆਦਮੀ ਪਾਰਟੀ ਨੇ ਇਸ ਸਾਰੇ ਮਾਮਲੇ ਪਿੱਛੇ ਭਾਜਪਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਹੱਥ ਦੱਸਿਆ ਅਤੇ ਦੋਸ਼ ਲਾਇਆ ਕਿ ਰਾਘਵ ਚੱਢਾ ਨੂੰ ਕੇਂਦਰ ਵਿੱਚ ਮੰਤਰੀ ਦੇ ਅਹੁਦੇ ਦਾ ਲਾਲਚ ਦੇ ਕੇ ਪਾਰਟੀ ਤੋੜਨ ਵਿੱਚ ਵਰਤਿਆ ਗਿਆ। ਇਸ ਵੰਡ ਤੋਂ ਬਾਅਦ ‘ਆਪ’ ਦੇ ਰਾਜ ਸਭਾ ਵਿੱਚ ਮੈਂਬਰਾਂ ਦੀ ਗਿਣਤੀ 10 ਤੋਂ ਘੱਟ ਕੇ ਸਿਰਫ਼ 3 ਰਹਿ ਗਈ ਅਤੇ ਭਾਜਪਾ ਦੀ ਰਾਜ ਸਭਾ ਵਿੱਚ ਤਾਕਤ ਹੋਰ ਮਜ਼ਬੂਤ ਹੋ ਗਈ।














